ਗੁਰਨਾਮ ਸਿੰਘ ਅਕੀਦਾ
ਪਟਿਆਲਾ, 1 ਨਵੰਬਰ
ਪੰਜਾਬ ਦੇ ਭਾਸ਼ਾਵਾਂ ਤੇ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਹੈ ਕਿ ਪੰਜਾਬ ਦੀਆਂ ਅਦਾਲਤਾਂ ਵਿਚ ਪੰਜਾਬੀ ਭਾਸ਼ਾ ਲਾਗੂ ਕਰਨ ਲਈ 2700 ਪੰਜਾਬੀ ਮਾਹਿਰ ਜਲਦ ਭਰਤੀ ਕੀਤੇ ਜਾਣਗੇ। ਇਸ ਤੋਂ ਇਲਾਵਾ ਭਾਸ਼ਾ ਵਿਭਾਗ ਪੰਜਾਬ ਵਿਚ ਖ਼ਾਲੀ ਪਈਆਂ ਅਸਾਮੀਆਂ ’ਤੇ ਭਰਤੀ ਵੀ ਜਲਦੀ ਕੀਤੀ ਜਾ ਰਹੀ ਹੈ। ਉਨ੍ਹਾਂ ਇੱਥੇ ਭਾਸ਼ਾ ਭਵਨ ਵਿਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਮਾਂ-ਬੋਲੀ ਪੰਜਾਬੀ ਨੂੰ ਸਮਰਪਿਤ ਪੰਜਾਬੀ ਮਾਹ-2022 ਦੀ ਸ਼ੁਰੂਆਤ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਜਲਦ ਹੀ ਮਾਂ ਬੋਲੀ ਪੰਜਾਬੀ ਦੀ ਪ੍ਰਫੁੱਲਤਾ ਬਾਰੇ ਵੱਡਾ ਐਲਾਨ ਕਰਨਗੇ। ਸ੍ਰੀ ਹੇਅਰ ਨੇ ਕਿਹਾ ਕਿ ਅੱਜ ਦੀ ਨਵੀਂ ਪੀੜ੍ਹੀ ਅਮੀਰ ਸ਼ਬਦ ਭੰਡਾਰ ਨਾਲੋਂ ਟੁੱਟ ਰਹੀ ਹੈ। ਸਮਾਗਮ ਦੀ ਪ੍ਰਧਾਨਗੀ ਪੰਜਾਬੀ ਸਾਹਿਤ ਰਤਨ ਪ੍ਰੋ. ਗੁਲਜ਼ਾਰ ਸਿੰਘ ਸੰਧੂ ਨੇ ਕੀਤੀ।
ਸਾਲ 2018 ਲਈ ਭਾਈ ਵੀਰ ਸਿੰਘ ਪੁਰਸਕਾਰ (ਜੀਵਨੀ/ ਟੀਕਾਕਾਰੀ/ ਕੋਸ਼ਕਾਰੀ)- ਰਾਮ ਮੂਰਤ ਸਿੰਘ ਦੀ ਪੁਸਤਕ ਪਖਾਣ ਕੋਸ਼, ਡਾ. ਅਤਰ ਸਿੰਘ ਪੁਰਸਕਾਰ (ਆਲੋਚਨਾ)- ਗੁਰਮੁੱਖ ਸਿੰਘ ਦੀ ਪੁਸਤਕ ਸਮਕਾਲੀ ਦ੍ਰਿਸ਼ ਸਭਿਆਚਾਰ ਅਤੇ ਪੰਜਾਬੀ ਪਛਾਣ, ਈਸ਼ਵਰ ਚੰਦਰ ਨੰਦਾ ਪੁਰਸਕਾਰ (ਨਾਟਕ/ਇਕਾਂਗੀ)- ਭੁਪਿੰਦਰ ਸਿੰਘ (ਖੋਜੀ ਕਾਫਿਰ) ਦੀ ਪੁਸਤਕ ਬਾਬਾ ਸੋਹਣ ਸਿੰਘ ਭਕਨਾ, ਐੱਮ.ਐੱਸ. ਰੰਧਾਵਾ ਪੁਰਸਕਾਰ (ਗਿਆਨ ਸਾਹਿਤ)- ਰਾਜਿੰਦਰ ਸਿੰਘ ਦੀ ਪੁਸਤਕ ਖਾਲਸਾ ਪੰਥ ਬਨਾਮ ਡੇਰਾਵਾਦ, ਗੁਰਬਖ਼ਸ਼ ਸਿੰਘ ਪ੍ਰੀਤਲੜੀ ਪੁਰਸਕਾਰ (ਨਬਿੰਧ/ਸਫਰਨਾਮਾ)- ਸੁਲੱਖਣ ਸਰਹੱਦੀ ਦੀ ਪੁਸਤਕ ਸਾਡਾ ਆਸਟਰੇਲੀਆ, ਪ੍ਰਿੰ.ਤੇਜਾ ਸਿੰਘ ਪੁਰਸਕਾਰ (ਸੰਪਾਦਨ)- ਰਾਕੇਸ਼ ਕੁਮਾਰ ਦੀ ਪੁਸਤਕ ਭਗਤ ਸਿੰਘ ਅਤੇ ਉਸ ਦੇ ਕ੍ਰਾਂਤੀਕਾਰ ਸਾਥੀਆਂ ਦਾ ਫਿਰੋਜ਼ਪੁਰ ਸ਼ਹਿਰ ਵਿਚ ਗੁਪਤ ਟਿਕਾਣਾ, ਗਿਆਨੀ ਗੁਰਮੁੱਖ ਸਿੰਘ ਮੁਸਾਫਿਰ ਪੁਰਸਕਾਰ (ਕਵਿਤਾ)- ਸਤਪਾਲ ਭੀਖੀ ਦੀ ਪੁਸਤਕ ਪੀਲਾਂ, ਨਾਨਕ ਸਿੰਘ ਪੁਰਸਕਾਰ (ਨਾਵਲ)- ਸੰਤਵੀਰ ਦੀ ਪੁਸਤਕ ਜ਼ਿੰਦਗੀ ਦੀ ਸਵੇਰ, ਗੁਰੂ ਹਰਕ੍ਰਿਸ਼ਨ ਪੁਰਸਕਾਰ (ਬਾਲ ਸਾਹਿਤ)-ਜਗਜੀਤ ਸਿੰਘ ਲੱਡਾ ਦੀ ਪੁਸਤਕ ਰੁੱਖ ਦੇਣ ਸੁੱਖ ਨੂੰ ਦਿੱਤਾ ਗਿਆ। ਸਾਲ 2019 ਲਈ ਭਾਈ ਵੀਰ ਸਿੰਘ ਪੁਰਸਕਾਰ (ਜੀਵਨੀ/ ਟੀਕਾਕਾਰੀ/ ਕੋਸ਼ਕਾਰੀ)- ਡਾ. ਓਮ ਪ੍ਰਕਾਸ਼ ਵਸ਼ਿਸਟ ਦੀ ਪੁਸਤਕ ਕੋਸ਼ ਅਧਿਐਨ ਮਾਡਲ, ਡਾ. ਅਤਰ ਸਿੰਘ ਪੁਰਸਕਾਰ (ਆਲੋਚਨਾ)- ਡਾ. ਧਨਵੰਤ ਕੌਰ ਦੀ ਪੁਸਤਕ ਡਾਇਸਪੋਰਾ ਸਿਧਾਂਤ ਅਤੇ ਪੰਜਾਬੀ ਕਹਾਣੀ, ਈਸ਼ਵਰ ਚੰਦਰ ਨੰਦਾ ਪੁਰਸਕਾਰ (ਨਾਟਕ/ਇਕਾਂਗੀ)- ਪ੍ਰੀਤ ਮਹਿੰਦਰ ਦੀ ਪੁਸਤਕ ਅੰਧ-ਰੂਪ, ਐੱਮ.ਐੱਸ. ਰੰਧਾਵਾ ਪੁਰਸਕਾਰ (ਗਿਆਨ ਸਾਹਿਤ)-ਗੱਜਣਵਾਲਾ ਸੁਖਮਿੰਦਰ ਸਿੰਘ ਦੀ ਪੁਸਤਕ ਗੁਰੂ ਸਾਹਿਬਾਨ ਦੇ ਮੁਸਲਮਾਨ ਮੁਰੀਦ, ਗੁਰਬਖ਼ਸ਼ ਸਿੰਘ ਪ੍ਰੀਤਲੜੀ ਪੁਰਸਕਾਰ (ਨਬਿੰਧ/ਸਫਰਨਾਮਾ)-ਡਾ. ਗੁਰਮਿੰਦਰ ਸਿੱਧੂ ਦੀ ਪੁਸਤਕ ਚੇਤਿਆਂ ਦਾ ਸੰਦੂਕ, ਪ੍ਰਿੰ.ਤੇਜਾ ਸਿੰਘ ਪੁਰਸਕਾਰ (ਸੰਪਾਦਨ)-ਸੁਖਦੇਵ ਸਿੰਘ ਦੀ ਪੁਸਤਕ ਸੁਰ ਪੀਰੋ, ਗਿਆਨੀ ਗੁਰਮੁੱਖ ਸਿੰਘ ਮੁਸਾਫਿਰ ਪੁਰਸਕਾਰ (ਕਵਿਤਾ)-ਸਲੱਖਣ ਸਰਹੱਦੀ ਦੀ ਪੁਸਤਕ ਦਰਦ ਬੋਲਦਾ ਹੈ, ਪ੍ਰਿੰ. ਸੁਜਾਨ ਸਿੰਘ ਪੁਰਸਕਾਰ (ਕਹਾਣੀ)-ਪਵਿੱਤਰ ਕੌਰ ਮਾਟੀ ਦੀ ਪੁਸਤਕ ਸ਼ਾਹ ਰਗ ਤੋਂ ਵੀ ਨੇੜੇ, ਗੁਰੂ ਹਰਕ੍ਰਿਸ਼ਨ ਪੁਰਸਕਾਰ (ਬਾਲ ਸਾਹਿਤ)-ਡਾ. ਸੁਦਰਸ਼ਨ ਗਾਸੋ ਦੀ ਪੁਸਤਕ ਜੀ ਕਰਦੈ ਬੱਦਲ ਬਣ ਜਾਵਾਂ ਨੂੰ ਦਿੱਤਾ ਗਿਆ। ਪ੍ਰੋ. ਗੁਲਜ਼ਾਰ ਸਿੰਘ ਸੰਧੂ ਨੇ ਕਿਹਾ ਕਿ ਪੰਜਾਬੀ ਸਭਿਆਚਾਰ ਬਾਰੇ ਅੱਜ ਦੇ ਬੱਚਿਆਂ ਨੂੰ ਘੱਟ ਹੀ ਜਾਣਕਾਰੀ ਹੈ। ਉਨ੍ਹਾਂ ਭਾਸ਼ਾ ਵਿਭਾਗ ਵੱਲੋਂ ਮਹਿੰਦਰ ਸਿੰਘ ਰੰਧਾਵਾ ਦੀ ਛਾਪੀ ਕਿਤਾਬ ‘ਪੰਜਾਬ’ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਂਜ ਉਨ੍ਹਾਂ ਹੋਰ ਵੰਨਗੀਆਂ ’ਤੇ ਕਈ ਕਿਤਾਬਾਂ ਲਿਖੀਆਂ ਹਨ ਪਰ ‘ਪੰਜਾਬ’ ਵਿਚ ਜੋ ‘ਪੰਜਾਬ’ ਰਸਮ, ਰਿਵਾਜ ਅਤੇ ਵਹਿਮ ਭਰਮਾਂ ਬਾਰੇ ਇਕ ਚੈਪਟਰ ਲਿਖਿਆ ਹੈ, ਉਸ ਨੇ ਉਨ੍ਹਾਂ ਦੀ ਵੱਖਰੀ ਪਛਾਣ ਬਣਾਈ ਹੈ।
ਮੀਤ ਹੇਅਰ ਦੇਰੀ ਨਾਲ ਪੁੱਜੇ; ਡੈਲੀਗੇਟ ਤੇ ਲੇਖਕ ਪ੍ਰੇਸ਼ਾਨ
ਭਾਸ਼ਾ ਵਿਭਾਗ ਦੇ ਸਮਾਗਮ ਵਿਚ ਸਮਾਂ ਦੇਣ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਪੁੱਜੇ ਜਦ ਕਿ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਢਾਈ ਘੰਟੇ ਦੇਰੀ ਨਾਲ ਪੁੱਜੇ ਜਿਸ ਕਾਰਨ ਲੇਖਕ ਤੇ ਡੈਲੀਗੇਟ ਕਾਫ਼ੀ ਪ੍ਰੇਸ਼ਾਨ ਹੋਏ। ਇਸ ਤੋਂ ਇਲਾਵਾ ਅੱਜ ਭਾਸ਼ਾ ਪ੍ਰੇਮੀਆਂ ਨੂੰ ਕੋਈ ਵੱਡਾ ਐਲਾਨ ਹੋਣ ਦੀ ਆਸ ਸੀ ਪਰ ਮੀਤ ਹੇਅਰ ਸਿਰਫ਼ ਇਹ ਕਹਿ ਕੇ ਹੀ ਚਲੇ ਗਏ ਕਿ ਵੱਡਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ ਜਿਸ ਕਰਕੇ ਲੇਖਕਾਂ ਵਿਚ ਰੋਹ ਵੀ ਦੇਖਣ ਨੂੰ ਮਿਲਿਆ।