ਜਸਵੰਤ ਸਿੰਘ ਗਰੇਵਾਲ
ਚੀਮਾ ਮੰਡੀ, 12 ਮਾਰਚ
ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣਨ ਜਾ ਰਹੇ ਭਗਵੰਤ ਮਾਨ ਅੱਜ ਸੰਤ ਅਤਰ ਸਿੰਘ ਦੇ ਗੁਰਦੁਆਰਾ ਜਨਮ ਅਸਥਾਨ ਚੀਮਾ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਸਮੂਹ ਪੰਜਾਬ ਵਾਸੀਆਂ ਵੱਲੋਂ ‘ਆਪ’ ਨੂੰ ਦਿੱਤੀ ਗਈ ਵੱਡੀ ਜਿੱਤ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ।
ਇਸ ਮਗਰੋਂ ਉਨ੍ਹਾਂ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਸੰਤ ਅਤਰ ਸਿੰਘ ਮਸਤੂਆਣੇ ਵਾਲੇ ਵਿੱਦਿਆ ਦੇ ਪਹਿਲੇ ਪ੍ਰਚਾਰਕ ਹੋਏ ਹਨ ਤੇ ਉਨ੍ਹਾਂ ਦੇ ਆਸ਼ੇ ਅਨੁਸਾਰ ‘ਆਪ’ ਦੀ ਬਣਨ ਜਾ ਰਹੀ ਸਰਕਾਰ ਵੀ ਸਿੱਖਿਆ ਦੇ ਮਿਆਰ ਵਿੱਚ ਸੁਧਾਰ ਕਰਨ ਲਈ ਪਹਿਲ ਦੇ ਆਧਾਰ ’ਤੇ ਕੰਮ ਕਰੇਗੀ ਤਾਂ ਕਿ ਪੰਜਾਬ ਦੇ ਹਰ ਵਰਗ ਦੇ ਵਿਦਿਆਰਥੀਆਂ ਨੂੰ ਸਿੱਖਿਆ ਮਿਲ ਸਕੇ। ਉਨ੍ਹਾਂ ਕਿਹਾ ਕਿ ਸੰਤ ਅਤਰ ਸਿੰਘ ਦੀ ਯਾਦ ਵਿੱਚ ਲੱਗਣ ਵਾਲੇ ਇਸ ਜੋੜ ਮੇਲੇ ਵਿੱਚ ਉਹ ਮੁੱਢ ਤੋਂ ਹੀ ਸ਼ਾਮਲ ਹੁੰਦੇ ਆ ਰਹੇ ਹਨ ਤੇ ਇਸ ਵਾਰ ਇਸ ਜੋੜ ਮੇਲੇ ਸਮੇਂ ਸਹੁੰ ਚੁੱਕ ਸਮਾਗਮ ਹੋਣ ਕਾਰਨ ਉਨ੍ਹਾਂ ਆਪਣੀ ਅਗਾਊ ਹਾਜ਼ਰੀ ਲਵਾ ਕੇ ਸੰਤ ਅਤਰ ਸਿੰਘ ਦੇ ਜਨਮ ਅਸਥਾਨ ਦੀ ਛੂਹ ਪ੍ਰਾਪਤ ਕੀਤੀ ਹੈ। ਇਸ ਮੌਕੇ ਕਲਗੀਧਰ ਟਰੱਸਟ ਦੇ ਪ੍ਰਧਾਨ ਡਾ. ਦਵਿੰਦਰ ਸਿੰਘ ਤੇ ਗੁਰਦੁਆਰਾ ਜਨਮ ਅਸਥਾਨ ਦੇ ਮੁੱਖ ਸੇਵਾਦਾਰ ਭਾਈ ਜਗਜੀਤ ਸਿੰਘ ਵੱਲੋਂ ਉਨ੍ਹਾਂ ਦਾ ਸਨਮਾਨ ਕੀਤਾ ਗਿਆ।
ਪੰਜਾਬ ਦੀ ਅਮਨ-ਸ਼ਾਂਤੀ ਅਤੇ ਭਾਈਚਾਰਾ ਕਾਇਮ ਰੱਖਣਾ ਸਰਕਾਰ ਦੀ ਜ਼ਿੰਮੇਵਾਰੀ: ਭਗਵੰਤ ਮਾਨ
ਚੰਡੀਗੜ੍ਹ (ਟਨਸ): ਹੁਸ਼ਿਆਰਪੁਰ ਜ਼ਿਲ੍ਹੇ ’ਚ ਮਰੀਆਂ ਗਊਆਂ ਮਿਲਣ ਦੀ ਘਟਨਾ ਦੀ ਭਗਵੰਤ ਮਾਨ ਨੇ ਸਖ਼ਤ ਨਿਖੇਧੀ ਕਰਦਿਆਂ ਇਸ ਘਟਨਾ ਦੀ ਜਾਂਚ ਦੇ ਹੁਕਮ ਦਿੱਤੇ ਹਨ। ਉਨ੍ਹਾਂ ਪੁਲੀਸ ਨੂੰ ਜਲਦੀ ਤੋਂ ਜਲਦੀ ਮੁਲਜ਼ਮਾਂ ਦਾ ਪਤਾ ਲਾਉਣ ਤੇ ਸਖ਼ਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਕਿਸੇ ਵੀ ਕੀਮਤ ’ਤੇ ਪੰਜਾਬ ਦੀ ਅਮਨ ਸ਼ਾਂਤੀ ਅਤੇ ਭਾਈਚਾਰਾ ਭੰਗ ਨਹੀਂ ਹੋਣ ਦੇਵੇਗੀ। ਉਨ੍ਹਾਂ ਕਿਹਾ ਕਿ ਸਮਾਜ ਵਿਰੋਧੀ ਤਾਕਤਾਂ ਦੇ ਮਨਸੂਬੇ ਹੁਣ ਸਫ਼ਲ ਹੋਣ ਵਾਲੇ ਨਹੀਂ ਹਨ। ਪੰਜਾਬ ’ਚ ਕਿਸੇ ਵੀ ਧਰਮ ਦੀ ਬੇਅਦਬੀ ਸਹਿਣ ਨਹੀਂ ਕੀਤੀ ਜਾਵੇਗੀ। ਸ੍ਰੀ ਮਾਨ ਨੇ ਗਊਆਂ ਦੇ ਮਾਮਲੇ ’ਚ ਪੁਲੀਸ ਨੂੰ ਸਖ਼ਤ ਨਿਰਦੇਸ਼ ਦਿੰਦਿਆਂ ਕਿਹਾ ਕਿ ਸੂਬੇ ’ਚ ਅਮਨ ਸ਼ਾਂਤੀ ਅਤੇ ਭਾਈਚਾਰਾ ਕਾਇਮ ਰੱਖਣਾ ਸਰਕਾਰ ਦੀ ਮੁੱਢਲੀ ਜ਼ਿੰਮੇਵਾਰੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਸਾਰੇ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰਕੇ ਕਾਰਵਾਈ ਕੀਤੀ ਜਾਵੇਗੀ।