ਪਰਮਜੀਤ ਸਿੰਘ
ਫਾਜ਼ਿਲਕਾ, 15 ਅਕਤੂਬਰ
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਗੁਰਨਾਮ ਸਿੰਘ ਚੜੂਨੀ ਨੇ ਮਿਸ਼ਨ ਪੰਜਾਬ ਤਹਿਤ ਕੀਤੀਆਂ ਜਾ ਰਹੀਆਂ ਮੀਟਿੰਗਾਂ ਦੇ ਮੱਦੇਨਜ਼ਰ ਅੱਜ ਇੱਥੋਂ ਦੇ ਹੋਟਲ ਹੋਮ ਸਟੈਂਡ ’ਚ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ‘ਮਿਸ਼ਨ ਪੰਜਾਬ 2022’ ਤਹਿਤ ਅਗਲੀਆਂ ਚੋਣਾਂ ਵਿੱਚ ਇਮਾਨਦਾਰ, ਸਮਝਦਾਰ ਅਤੇ ਰੱਬ ਨੂੰ ਮੰਨਣ ਵਾਲੇ ਉਮੀਦਵਾਰ ਖੜ੍ਹੇ ਕੀਤੇ ਜਾਣਗੇ। ਚੜੂਨੀ ਨੇ ਪੰਜਾਬ ਦੇ ਭਲੇ ਲਈ ਬੁੱਧੀਜੀਵੀਆਂ ਤੇ ਸਮਝਦਾਰ ਲੋਕਾਂ ਨੂੰ ਰਵਾਇਤੀ ਪਾਰਟੀਆਂ ਤੋਂ ਕਿਨਾਰਾ ਕਰ ਕੇ ਇਮਾਨਦਾਰ ਉਮੀਦਵਾਰਾਂ ਨੂੰ ਇੱਕ ਮੌਕਾ ਦੇਣ ਦੀ ਅਪੀਲ ਕੀਤੀ। ਉੱਤਰ ਪ੍ਰਦੇਸ਼ ਹਿੰਸਾ ਬਾਰੇ ਗੱਲ ਕਰਦਿਆਂ ਚੜੂਨੀ ਨੇ ਕਿਹਾ ਕਿ ਦੇਸ਼ ਦੀ ਸਭ ਤੋਂ ਵੱਡੀ ਬਦਕਿਸਮਤੀ ਇਹ ਹੈ ਕਿ ਸਾਨੂੰ ਅਜਿਹੇ ਨੇਤਾ ਮਿਲੇ ਹਨ, ਜੋ ਸੱਤਾ ਵਿੱਚ ਆਉਣ ਮਗਰੋਂ ਲੋਕਾਂ ਨੂੰ ਕੁਚਲਦੇ ਹਨ। ਚੜੂਨੀ ਨੇ ਕਿਸਾਨ ਸੰਘਰਸ਼ ਦੀ ਮਜ਼ਬੂਤੀ ਲਈ ਹਰ ਪਿੰਡ ਵਿੱਚੋਂ ਘੱਟੋ-ਘੱਟ 10 ਜਣਿਆਂ ਨੂੰ ਦਿੱਲੀ ਮੋਰਚੇ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ‘ਮਿਸ਼ਨ ਪੰਜਾਬ’ ਤਹਿਤ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਅੱਜ ਇੱਥੋਂ ਦੇ ਡਾਕਟਰ ਕੇਹਰ ਸਿੰਘ ਇਨਕਲੇਵ ’ਚ ਪੁੱਜੇ। ਉਨ੍ਹਾਂ ਕਿਹਾ ਕਿ ਇਸ ਵੇਲੇ ਪੂੰਜੀਪਤੀ ਜਗਤ ਸਰਕਾਰ ਅਤੇ ਸੱਤਾ ’ਤੇ ਬੁਰੀ ਤਰ੍ਹਾਂ ਕਾਬਜ਼ ਹੈ, ਜਿਸ ਤੋਂ ਖਹਿੜਾ ਛੁਡਾਉਣ ਦਾ ਇੱਕੋ ਤਰੀਕਾ ਸੱਤਾ ਲੋਕਾਂ ਦੇ ਹੱਥ ਹੋਣਾ ਹੈ, ਜਿਸ ਵਾਸਤੇ ਅਗਲੀਆਂ ਚੋਣਾਂ ‘ਮਿਸ਼ਨ ਪੰਜਾਬ’ ਤਹਿਤ ਲੜੀਆਂ ਜਾਣਗੀਆਂ।
ਉਨ੍ਹਾਂ ਦਲੀਲ ਦਿੱਤੀ ਕਿ ਪਿਛਲੀ ਵਾਰ ਕਾਂਗਰਸ ਸਰਕਾਰ 52 ਲੱਖ ਵੋਟਾਂ ਲੈ ਕੇ ਹੋਂਦ ਵਿੱਚ ਆਈ ਸੀ, ਜਦੋਂ ਕਿ ਪੰਜਾਬ ਵਿੱਚ 80 ਲੱਖ ਦੇ ਕਰੀਬ ਸਿਰਫ ਕਿਸਾਨਾਂ ਦੀ ਵੋਟ ਹੈ, ਇਸ ਲਈ ਜੇ ਕਿਸਾਨ ਚਾਹੁਣ ਤਾਂ ਖੁਦ ਸੱਤਾ ਸੰਭਾਲ ਸਕਦੇ ਹਨ ਤੇ ਜੋ ਪੈਸਾ ਪੂੰਜੀਪਤੀ ਘਰਾਣਿਆਂ ਨੂੰ ਜਾ ਰਿਹਾ ਹੈ ਉਹ ਪੰਜਾਬ ਦੇ ਭਲੇ ਵਾਸਤੇ ਵਰਤ ਸਕਦੇ ਹਨ। ਕਿਸਾਨ ਆਗੂ ਨੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਲੋਕ ਸਭਾ ਚੋਣਾਂ ਵੇਲੇ ਵੀ ਮਿਸ਼ਨ ਭਾਰਤ ਤਹਿਤ ਚੋਣਾਂ ਲੜਣ ਦਾ ਭਰੋਸਾ ਦਿੱਤਾ।