ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 12 ਫਰਵਰੀ
ਭਾਜਪਾ ਦੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਅੱਜ ਇੱਥੇ ਭਾਜਪਾ ਉਮੀਦਵਾਰਾਂ ਲਈ ਚੋਣ ਪ੍ਰਚਾਰ ਦੌਰਾਨ ਦਾਅਵਾ ਕੀਤਾ ਕਿ ਜੇਕਰ ਲੋਕਾਂ ਨੇ ਪੰਜਾਬ ਵਿੱਚ ਭਾਜਪਾ ਨੂੰ ਸਰਕਾਰ ਬਣਾਉਣ ਦਾ ਮੌਕਾ ਦਿੱਤਾ ਤਾਂ ਹਰ ਕਿਸਮ ਦਾ ਮਾਫ਼ੀਆ ਰਾਜ ਦੋ ਸਾਲਾਂ ਵਿੱਚ ਖਤਮ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਭਾਜਪਾ ਸਰਕਾਰ ਬਣਨ ’ਤੇ ਇਕ ਲੱਖ ਕਰੋੜ ਰੁਪਏ ਮੁੱਢਲੇ ਢਾਂਚੇ ਵਾਸਤੇ ਦਿੱਤੇ ਜਾਣਗੇ। ਕੇਂਦਰੀ ਮੰਤਰੀ ਨੇ ਅੱਜ ਇੱਥੇ ਗੁਰਦੁਆਰਾ ਸ਼ਹੀਦਾਂ ਵਿੱਚ ਮੱਥਾ ਟੇਕਿਆ ਅਤੇ ਭਾਜਪਾ ਉਮੀਦਵਾਰਾਂ ਲਈ ਜਿੱਤ ਦੀ ਅਰਦਾਸ ਕੀਤੀ ਹੈ। ਉਹ ਗੁਰਦੁਆਰੇ ਤੋਂ ਈ-ਰਿਕਸ਼ਾ ਵਿੱਚ ਬੈਠ ਕੇ ਆਏ। ਉਨ੍ਹਾਂ ਨੇ ਸਥਾਨਕ ਅਜੀਤ ਨਗਰ ਇਲਾਕੇ ਵਿੱਚ ਇਕ ਦੁਕਾਨ ’ਤੇ ਬੈਠ ਕੇ ਆਲੂ ਵਾਲਾ ਕੁਲਚਾ ਵੀ ਖਾਧਾ ਅਤੇ ਲੋਕਾਂ ਨਾਲ ਗੱਲਾਂ ਵੀ ਕੀਤੀਆਂ। ਉਨ੍ਹਾਂ ਦੇ ਨਾਲ ਹਲਕਾ ਪੂਰਬੀ ਤੋਂ ਭਾਜਪਾ ਉਮੀਦਵਾਰ ਡਾ. ਜਗਮੋਹਨ ਸਿੰਘ ਰਾਜੂ, ਹਲਕਾ ਕੇਂਦਰੀ ਤੋਂ ਉਮੀਦਵਾਰ ਡਾ. ਰਾਮ ਚਾਵਲਾ ਹਾਜ਼ਰ ਸਨ।
ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਭਾਜਪਾ ਸਰਕਾਰ ਬਣੀ ਤਾਂ ਇੱਥੇ ਇਕ ਲੱਖ ਕਰੋੜ ਰੁਪਏ ਮੁੱਢਲੇ ਢਾਂਚੇ ਲਈ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਦੀ ਆਰਥਿਕ ਸਥਿਤੀ ਵਧੇਰੇ ਸੰਕਟ ਵਿੱਚ ਹੈ ਅਤੇ ਮੰਦੀ ਹਾਲਤ ਵਿੱਚ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਬਜਟ ਵਿੱਚ ਸਾਢੇ ਪੰਜ ਲੱਖ ਕਰੋੜ ਰੁਪਏ ਪੂੰਜੀ ਖਰਚਾ ਰੱਖਿਆ ਗਿਆ ਹੈ, ਜਿਸ ਵਿੱਚ 35 ਫੀਸਦ ਵਾਧੇ ਭਾਵ ਸਾਢੇ ਸੱਤ ਲੱਖ ਕਰੋੜ ਰੁਪਏ ਵਾਧਾ ਕੀਤੇ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਸਰਕਾਰ ਬਣਨ ’ਤੇ ਸਿਰਫ ਦੋ ਸਾਲਾਂ ਵਿਚ ਹਰ ਤਰ੍ਹਾਂ ਦਾ ਮਾਫ਼ੀਆ ਰਾਜ ਤੇ ਗੁੰਡਾ ਰਾਜ ਸੂਬੇ ਵਿੱਚੋਂ ਖਤਮ ਕੀਤਾ ਜਾਵੇਗਾ। ਭਾਜਪਾ ਸਰਕਾਰ ਦੀ ਇਸ ਬਾਰੇ ‘ਜ਼ੀਰੋ ਟੋਲਰੈਂਸ’ ਨੀਤੀ ਹੈ।
ਹਲਕਾ ਪੂਰਬੀ ਲਈ ਐਲਾਨੇ ਉਮੀਦਵਾਰ ਡਾ. ਜਗਮੋਹਨ ਸਿੰਘ ਰਾਜੂ ਦਾ ਬਾਹਰੋਂ ਆਏ ਉਮੀਦਵਾਰ ਦੱਸ ਕੇ ਹੋ ਰਹੇ ਵਿਰੋਧ ਬਾਰੇ ਉਨ੍ਹਾਂ ਕਿਹਾ ਕਿ ਉਹ ਪੰਜਾਬ ਦੇ ਜੰਮਪਲ ਹਨ ਅਤੇ ਬਾਹਰੋਂ ਆਏ ਉਮੀਦਵਾਰ ਨਹੀਂ ਹਨ।
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕਰੋੜਾਂ ਰੁਪਏ ਦੀ ਜਾਇਦਾਦ ਹੋਣ ਦੇ ਬਾਵਜੂਦ ਉਸ ਨੂੰ ਗਰੀਬ ਆਖੇ ਜਾਣ ’ਤੇ ਟਿੱਪਣੀ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹਾ ਗਰੀਬ ਹਰ ਕੋਈ ਹੋਵੇ, ਉਹ ਖੁਦ ਵੀ ਅਜਿਹਾ ਗਰੀਬ ਬਣਨਾ ਚਾਹੁੰਦੇ ਹਨ।