ਪਰਸ਼ੋਤਮ ਬੱਲੀ
ਬਰਨਾਲਾ, 21 ਜਨਵਰੀ
ਇੱਥੇ ਦਾਣਾ ਮੰਡੀ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਕੇਂਦਰ ਅਤੇ ਸੂਬੇ ਨਾਲ ਸਬੰਧਤ ਕਿਸਾਨੀ ਮੰਗਾਂ ਸਬੰਧੀ ਅੱਜ ਸੂਬਾ ਪੱਧਰੀ ਭਰਵੀਂ ਜੁਝਾਰ ਰੈਲੀ ਕੀਤੀ ਗਈ। ਇਸ ਮੌਕੇ ਕਿਸਾਨ ਅੰਦੋਲਨ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਜਥੇਬੰਦੀ ਦਾ ਝੰਡਾ ਝੁਕਾ ਕੇ ਗੀਤ ਗਾਇਆ ਗਿਆ।
ਰੈਲੀ ਨੂੰ ਸੰਬੋਧਨ ਕਰਦਿਆਂ ਬੀਕੇਯੂ ਏਕਤਾ (ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਕਿਸਾਨਾਂ ਨੂੰ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਦੀ ਜਿੱਤ ਸਬੰਧੀ ਕਿਹਾ ਕਿ ਅਜੇ ਲੜਾਈ ਦਾ ਇੱਕ ਪੜਾਅ ਜਿੱਤਿਆ ਹੈ। ਖੇਤੀ ਨੂੰ ਲਾਹੇਵੰਦ ਕਿੱਤੇ ਬਣਾਉਣ ਦੀ ਲੰਬੀ ਜੰਗ ਸਾਡੇ ਸਾਹਮਣੇ ਹੈ। ਇਹ ਜੰਗ ਜਿੱਤੇ ਬਗੈਰ ਹਾਲਾਤ ਨਹੀਂ ਸੁਧਰਨੇ। ਯੂਨੀਅਨ ਦੇ ਜਨਰਲ ਸਕੱਤਰ ਜਗਮੋਹਨ ਉੱਪਲ ਨੇ ਕਿਹਾ ਕਿ ਚੋਣਾਂ ਦੇ ਮਾਹੌਲ ਵਿੱਚ ਕਿਸਾਨਾਂ ਨੂੰ ਆਪਣਾ ਅਸਲ ਟੀਚਾ ਨਹੀਂ ਵਿਸਾਰਨਾ ਚਾਹੀਦਾ। ਉਨ੍ਹਾਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ 31 ਜਨਵਰੀ ਨੂੰ ਵਾਅਦਾਖ਼ਿਲਾਫ਼ੀ ਦਿਵਸ ਵਜੋਂ ਮਨਾਉਂਦਿਆਂ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ’ਤੇ ਰੋਹ-ਭਰਪੂਰ ਮੁਜ਼ਾਹਰੇ ਕਰਨ ਦਾ ਸੱਦਾ ਦਿੱਤਾ।
ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਉਹ ਆਪਣੇ ਵਾਅਦੇ ਅਨੁਸਾਰ ਕਿਸਾਨਾਂ-ਮਜ਼ਦੂਰਾਂ ਦੇ ਸਾਰੇ ਕਰਜ਼ੇ ਮੁਆਫ਼ ਕਰੇ, ਨਹੀਂ ਤਾਂ ਕਿਸਾਨਾਂ ਦੇ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਸੂਬਾਈ ਆਗੂ ਗੁਰਦੀਪ ਸਿੰਘ ਰਾਮਪੁਰਾ, ਗੁਰਮੀਤ ਸਿੰਘ ਭੱਟੀਵਾਲ, ਰਾਮ ਸਿੰਘ ਮਟੌਰੜਾ, ਬਲਵੰਤ ਸਿੰਘ ਉੱਪਲੀ, ਕੁਲਵੰਤ ਸਿੰਘ ਕਿਸ਼ਨਗੜ੍ਹ, ਲਛਮਣ ਭਾਗੀਵਾਂਦਰ, ਬਲਜੀਤ ਕੌਰ ਕਾਤਰੋਂ, ਸੀਰਾ ਮਹੰਤ ਬਠਿੰਡਾ, ਐਡਵੋਕੇਟ ਬਲਵੀਰ ਕੌਰ ਮਾਨਸਾ ਅਤੇ ਅਮਰਜੀਤ ਕੌਰ ਬਰਨਾਲਾ ਨੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਵਾਉਣ, ਬਿਜਲੀ ਐਕਟ 2020 ਰੱਦ ਕਰਾਉਣ, ਪ੍ਰਦੂਸ਼ਣ ਐਕਟ ਵਿੱਚੋਂ ਕਿਸਾਨ ਮਦ ਖਤਮ ਕਰਾਉਣ, ਜਨਤਕ ਵੰਡ ਪ੍ਰਣਾਲੀ ਪ੍ਰਬੰਧ ਨੂੰ ਮਜ਼ਬੂਤ ਕਰਨ ਸਮੇਤ ਹੋਰ ਮੰਗਾਂ ਵੀ ਉਭਾਰੀਆਂ। ਇਸ ਮੌਕੇ ਐੱਮਐੱਸਪੀ ਦੀ ਗਾਰੰਟੀ ਲਈ ਖੇਤੀ ਮਾਹਿਰਾਂ, ਕੇਂਦਰੀ ਸਰਕਾਰ ਦੇ ਨੁਮਾਇੰਦਿਆਂ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਨੁਮਾਇੰਦਿਆਂ ਦੀ ਸਾਂਝੀ ਕਮੇਟੀ ਦੇ ਤੁਰੰਤ ਗਠਨ ਦੀ ਮੰਗ, ਕਿਸਾਨਾਂ ਖ਼ਿਲਾਫ਼ ਦਰਜ ਝੂਠੇ ਪੁਲੀਸ ਕੇਸ ਰੱਦ ਕਰਨ ਅਤੇ ਲਖੀਮਪੁਰ ਕਤਲ ਕਾਂਡ ਦੇ ਮੁਲਜ਼ਮ ਅਜੈ ਮਿਸ਼ਰਾ ਟੈਨੀ ਨੂੰ ਕੇਂਦਰੀ ਮੰਤਰੀ ਮੰਡਲ ’ਚੋਂ ਤੁਰੰਤ ਬਰਖਾਸਤ ਕਰਨ, ਦੇਸ਼ ਭਰ ਦੀਆਂ ਜੇਲ੍ਹਾਂ ਵਿੱਚ ਤਿੰਨ ਸਾਲ ਤੋਂ ਯੂਏਪੀਏ ਧਾਰਾ ਤਹਿਤ ਬੰਦ ਬੁੱਧੀਜੀਵੀਆਂ, ਜਮਹੂਰੀ ਕਾਰਕੁਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਅਤੇ ਯੂਏਪੀਏ ਤੇ ਅਫਸਪਾ ਜਿਹੇ ਕਾਨੂੰਨ ਰੱਦ ਕਰਨ, ਸਮੁੱਚੀ ਕਰਜ਼ ਮੁਆਫ਼ੀ ਸਮੇਤ ਹੋਰ ਮਜ਼ਦੂਰ-ਮੁਲਾਜ਼ਮ ਮੰਗਾਂ ਦੇ ਹੱਕ ਵਿੱਚ ਮਤੇ ਪਾਸ ਕੀਤੇ ਗਏ।