ਨਵੀਂ ਦਿੱਲੀ ( ਪੱਤਰ ਪ੍ਰੇਰਕ): ਖੇਤੀ ਕਾਨੂੰਨਾਂ ਖ਼ਿਲਾਫ਼ ਡਟੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਸ਼ਾਂਤੀਪੂਰਬਕ ਟਰੈਕਟਰ ਰੈਲੀ ਕੱਢਣ ਦਾ ਸੰਵਿਧਾਨਕ ਹੱਕ ਹੈ। ਆਗੂਆਂ ਨੇ ਕਿਹਾ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਤਜਵੀਜ਼ਤ ਇਸ ਰੈਲੀ ’ਚ ਹਜ਼ਾਰਾਂ ਕਿਸਾਨ ਸ਼ਿਰਕਤ ਕਰਨਗੇ। ਬੀਕੇਯੂ (ਲੱਖੋਵਾਲ) ਪੰਜਾਬ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਨੇ ਕਿਹਾ ਕਿ ਕਿਸਾਨ ਰਾਜਪੱਥ ਸਮੇਤ ਉੱਚ ਸੁਰੱਖਿਆ ਵਾਲੇ ਕਿਸੇ ਵੀ ਖੇਤਰ ਵਿੱਚ ਟਰੈਕਟਰ ਰੈਲੀ ਨਹੀਂ ਕੱਢਣਗੇ। ਉਨ੍ਹਾਂ ਸਾਫ਼ ਕਰ ਦਿੱਤਾ ਕਿ ਉਹ ਦਿੱਲੀ ਦੇ ਬਾਹਰੀ ਰਿੰਗ ਰੋਡ ’ਤੇ ਹੀ ਟਰੈਕਟਰ ਮਾਰਚ ਕੱਢਣਗੇ ਅਤੇ ਰਾਜਪੱਥ ’ਤੇ ਹੋਣ ਵਾਲੀ ਕੌਮੀ ਪਰੇਡ ’ਚ ਕੋਈ ਵਿਘਨ ਨਹੀਂ ਪਾਇਆ ਜਾਵੇਗਾ। ਇਕ ਹੋਰ ਕਿਸਾਨ ਆਗੂ ਤੇ ਆਲ ਇੰਡੀਆ ਕਿਸਾਨ ਸਭਾ ਦੇ ਉਪ ਪ੍ਰਧਾਨ (ਪੰਜਾਬ) ਲਖਬੀਰ ਸਿੰਘ ਨੇ ਕਿਹਾ ਕਿ 26 ਜਨਵਰੀ ਨੂੰ ਬਾਹਰੀ ਰਿੰਗ ਰੋਡ ’ਤੇ ਟਰੈਕਟਰ ਮਾਰਚ ਮਗਰੋਂ ਕਿਸਾਨ ਧਰਨੇ ਵਾਲੀਆਂ ਥਾਵਾਂ ’ਤੇ ਮੁੜ ਜਾਣਗੇ। ਉਧਰ ਬੀਕੇਯੂ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਵੀ ਅਮਨ ਅਮਾਨ ਨਾਲ ਟਰੈਕਟਰ ਮਾਰਚ ਕੱਢੇ ਜਾਣ ਨੂੰ ਕਿਸਾਨਾਂ ਦਾ ਸੰਵਿਧਾਨਕ ਹੱਕ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਜੇ ਦਿੱਲੀ ਪੁਲੀਸ ਨੂੰ ਗਣਤੰਤਰ ਦਿਵਸ ਮੌਕੇ ਅਮਨ ਤੇ ਕਾਨੂੰਨ ਨੂੰ ਲੈ ਕੇ ਕੋਈ ਮੁਸ਼ਕਲ ਹੈ ਤਾਂ ਸੰਯੁਕਤ ਕਿਸਾਨ ਮੋਰਚੇ ਨਾਲ ਬੈਠ ਕੇ ਟਰੈਕਟਰ ਰੈਲੀ ਦੇ ਬਦਲਵੇਂ ਰੂਟਾਂ ਬਾਰੇ ਗੱਲਬਾਤ ਕਰ ਸਕਦੀ ਹੈ। ਕਿਸਾਨ ਆਗੂ ਕਸ਼ਮੀਰ ਸਿੰਘ ਸੰਧੂ ਨੇ ਕਿਹਾ ਕਿ ਕਿਸਾਨ ਬਿਨ੍ਹਾਂ ਕਾਨੂੰਨ ਵਿਵਸਥਾ ਵਿੱਚ ਰੁਕਾਵਟ ਪਾਏ ਸ਼ਾਂਤਮਈ ਮਾਰਚ ਕੱਢਣਗੇ ਅਤੇ ਆਪਣੇ ਸੰਵਿਧਾਨਕ ਅਧਿਕਾਰ ਦੀ ਵਰਤੋਂ ਕਰਦੇ ਹੋਏ ਦਿੱਲੀ ਵਿੱਚ ਜ਼ਰੂਰ ਦਾਖ਼ਲ ਹੋਣਗੇ। ਭਾਰਤੀ ਕਿਸਾਨ ਯੂਨੀਅਨ ਦੇ ਆਗੂ ਜਗਮੋਹਨ ਸਿੰਘ ਨੇ ਦੱਸਿਆ ਕਿ ਗਣਤੰਤਰ ਦਿਵਸ ਵਾਲੇ ਦਿਨ ਟਰੈਕਟਰ ਮਾਰਚ ਵਿੱਚ ਸ਼ਾਮਲ ਹੋਣ ਮਗਰੋਂ ਉਹ ਧਰਨਿਆਂ ਵਾਲੀਆਂ ਥਾਵਾਂ ਨੂੰ ਮੁੜ ਜਾਣਗੇ। ਸ੍ਰੀ ਯੋਗੇਂਦਰ ਯਾਦਵ ਮੁਤਾਬਕ ਟਰੈਕਟਰ ਰੈਲੀ ਵਿੱਚ ਕੋਈ ਹਥਿਆਰ ਨਹੀਂ ਹੋਵੇਗਾ ਅਤੇ ਨਾ ਹੀ ਕੋਈ ਭੜਕਾਊ ਭਾਸ਼ਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਰਚ ਰਾਹੀਂ ਕਿਸੇ ਕੌਮੀ ਮੱਹਤਵ ਦੀ ਇਮਾਰਤ ਉਪਰ ਕਬਜ਼ਾ ਕਰਨ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਪੀਰਾਗੜ੍ਹੀ-ਜਨਕਪੁਰੀ-ਧੌਲਾ ਕੂੰਆਂ-ਮੁਨੀਰਕਾ-ਨਹਿਰੂ ਪਲੇਸ-ਓਖਲਾ-ਮੰਜਨੂ ਕਾ ਟਿੱਲਾ-ਬੁਰਾੜੀ ਦਾ ਰੂਟ ਵੀ ਐਲਾਨਿਆ ਸੀ।
ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਤਰਜਮਾਨ ਰਾਕੇਸ਼ ਟਿਕੈਤ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਮਾਮਲੇ ਦਾ ਨੋਟਿਸ ਲਿਆ ਹੈ ਅਤੇ ਇਹ ਵਧੀਆ ਗੱਲ ਹੈ ਕਿ ਅਮਨ-ਅਮਾਨ ਦਾ ਧਿਆਨ ਪੁਲੀਸ ਨੇ ਰੱਖਣਾ ਹੈ। ਉਨ੍ਹਾਂ ਕਿਹਾ ਕਿ ਮੁਲਕ ਦੇ ਨਾਗਰਿਕਾਂ ਨੂੰ ਗਣਤੰਤਰ ਦਿਵਸ ਮਨਾਉਣ ਤੋਂ ਸੰਵਿਧਾਨਕ ਸੰਸਥਾਵਾਂ ਜਾਂ ਪੁਲੀਸ ਨਹੀਂ ਰੋਕ ਸਕਦੀ ਹੈ। ਉਨ੍ਹਾਂ ਕਿਹਾ,‘‘ਕਿਸਾਨ ਗਣਤੰਤਰ ਦਿਵਸ ਵਾਲੇ ਦਿਨ ਦਿੱਲੀ ਦੇ ਅੰਦਰ ਕਿਸੇ ਲੜਾਈ ਲਈ ਨਹੀਂ ਜਾ ਰਹੇ ਹਨ।’’ ਉਨ੍ਹਾਂ ਕਿਹਾ ਕਿ ਪਹਿਲਾਂ ਕਿਸਾਨ ਖੇਤਾਂ ਅਤੇ ਪਿੰਡਾਂ ’ਚ ਗਣਤੰਤਰ ਦਿਵਸ ਮਨਾਉਂਦਾ ਸੀ ਪਰ ਐਤਕੀਂ ਉਨ੍ਹਾਂ ਨੂੰ ਦਿੱਲੀ ’ਚ ਰਹਿ ਕੇ ਇਹ ਦਿਵਸ ਮਨਾਉਣ ਦਾ ਮੌਕਾ ਮਿਲਿਆ ਹੈ।