ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 23 ਦਸੰਬਰ
ਕੇਂਦਰੀ ਮੰਤਰੀ ਅਤੇ ਭਾਜਪਾ ਦੇ ਪੰਜਾਬ ਲਈ ਚੋਣ ਇੰਚਾਰਜ ਗਜੇਂਦਰ ਸ਼ੇਖਾਵਤ ਨੇ ਆਖਿਆ ਕਿ ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਭਾਜਪਾ ਵੱਲੋਂ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਨਾਲ ਮਿਲ ਕੇ ਲੜੀਆਂ ਜਾਣਗੀਆਂ। ਬਿਨਾਂ ਕਿਸੇ ਸਿਆਸੀ ਆਗੂ ਜਾਂ ਪਾਰਟੀ ਦਾ ਨਾਂ ਲਏ ਉਨ੍ਹਾਂ ਕਿਹਾ ਕਿ ਅਜੇ ਯਾਤਰਾ ਸ਼ੁਰੂ ਹੋਈ ਹੈ, ਇਸ ਕਾਫ਼ਲੇ ਵਿਚ ਕਈ ਹੋਰ ਸ਼ਾਮਲ ਹੋਣਗੇ। ਉਹ ਅੱਜ ਇੱਥੇ ਭਾਜਪਾ ਦੇ ਸਥਾਨਕ ਦਫ਼ਤਰ ਪੁੱਜੇ ਤੇ ਚੋਣਾਂ ਬਾਰੇ ਗ਼ੈਰ ਰਸਮੀ ਮੀਟਿੰਗ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਬਿਆਸ ਵਿਚ ਰਾਧਾ ਸੁਆਮੀ ਡੇਰੇ ਦੇ ਮੁਖੀ ਨਾਲ ਵੀ ਮੁਲਾਕਾਤ ਕੀਤੀ।
ਪੰਜਾਬ ਵਿਧਾਨ ਸਭਾ ਚੋਣਾਂ ਬਾਰੇ ਉਨ੍ਹਾਂ ਕਿਹਾ ਕਿ ਇਸ ਵਾਰ ਭਾਜਪਾ ਵੱਲੋਂ ਪੂਰੇ ਉਤਸ਼ਾਹ ਨਾਲ ਚੋਣਾਂ ਲੜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ ਨੂੰ ਨਸ਼ਾਮੁਕਤ, ਰੁਜ਼ਗਾਰ ਯੋਗ ਅਤੇ ਖ਼ੁਸ਼ਹਾਲ ਬਣਾਉਣ ਦੇ ਏਜੰਡੇ ਹੇਠ ਚੋਣ ਲੜੇਗੀ। ਸੂਬੇ ਵਿਚ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਿਆ ਜਾਵੇਗਾ। ਭਾਜਪਾ ਵੱਲੋਂ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਣ ਬਾਰੇ ਉਨ੍ਹ੍ਵਾਂ ਕਿਹਾ ਕਿ ਇਹ ਫ਼ੈਸਲਾ ਚੋਣਾਂ ਤੋਂ ਬਾਅਦ ਹੋਵੇਗਾ।
ਖੇਤੀ ਕਾਨੂੰਨਾਂ ਦੇ ਵਿਰੋਧ ਕਾਰਨ ਸੂਬੇ ’ਚ ਭਾਜਪਾ ਦੀ ਤਰਸਯੋਗ ਸਥਿਤੀ ਬਾਰੇ ਉਨ੍ਹਾਂ ਕਿਹਾ ਕਿ ਅੱਜ ਉਹ ਪੰਜਾਬ ਵਿਚ ਕੁਝ ਕਿਸਾਨਾਂ ਨੂੰ ਮਿਲ ਕੇ ਆਏ ਹਨ, ਹੁਣ ਭਾਜਪਾ ਬਾਰੇ ਕਿਸਾਨਾਂ ਦੇ ਮਨਾਂ ਵਿਚ ਕੋਈ ਗ਼ਲਤ ਭਾਵਨਾ ਨਹੀਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਰਕਾਰ ਕਿਸਾਨ ਹਿਤੈਸ਼ੀ ਹੈ। ਖੇਤੀ ਕਾਨੂੰਨਾਂ ਬਾਰੇ ਉਨ੍ਹਾਂ ਕਿਹਾ, ‘‘ਸ਼ਾਇਦ ਸਾਡੇ ਵਿੱਚ ਹੀ ਕੋਈ ਘਾਟ ਰਹਿ ਗਈ ਹੋਵੇਗੀ, ਜੋ ਅਸੀਂ ਇਸ ਬਾਰੇ ਸਮਝਾਉਣ ਵਿਚ ਅਸਫ਼ਲ ਰਹੇ ਹਾਂ।’’ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਸੱਤ ਸਾਲਾਂ ਵਿਚ ਖੇਤੀ ਖੇਤਰ ਨੂੰ ਲਾਹੇਵੰਦ ਕਿੱਤਾ ਬਣਾਉਣ ਲਈ ਯਤਨ ਕੀਤੇ ਹਨ।
ਉਨ੍ਹਾਂ ਦੋਸ਼ ਲਾਇਆ ਕਿ ਪੰਜ ਸਾਲ ਪਹਿਲਾਂ ਵਾਂਗ ਮੁੜ ਪੰਜਾਬ ਵਿਚ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਕਮਜ਼ੋਰ ਕਰਨ ਵਾਲਾ ਮਾਹੌਲ ਬਣਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਬੇਅਦਬੀਆਂ ਰਾਹੀਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾਇਆ ਜਾ ਰਿਹਾ ਹੈ। ਬਿਨਾਂ ਕਿਸੇ ਦਾ ਨਾਂ ਲਏ ਉਨ੍ਹਾਂ ਕਿਹਾ ਕਿ ਇਕ ਸਿਆਸੀ ਪਾਰਟੀ ਅਤੇ ਉਸ ਦੇ ਉਮੀਦਵਾਰਾਂ ਦੇ ਸੂਤਰਾਂ ਦੇ ਸੰਪਰਕ ਵੀ ਅਜਿਹੇ ਲੋਕਾਂ ਨਾਲ ਜੁੜੇ ਹੋਏ ਸਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਕੀ ਕੋਈ ਸਿਆਸੀ ਪਾਰਟੀ ਚੋਣਾਂ ’ਚ ਲਾਭ ਲੈਣ ਲਈ ਆਪਸੀ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਕਮਜ਼ੋਰ ਤਾਂ ਨਹੀਂ ਕਰ ਰਹੀ। ਉਨ੍ਹਾਂ ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਅਤੇ ਲੁਧਿਆਣਾ ਅਦਾਲਤ ਕੰਪਲੈਕਸ ਵਿਚ ਹੋਏ ਬੰਬ ਧਮਾਕੇ ਦੀ ਜਾਂਚ ਦੀ ਮੰਗ ਕੀਤੀ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਦਰਜ ਕੇਸ ਮਾਮਲੇ ਵਿਚ ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਕੋਈ ਅਪਰਾਧ ਨਹੀਂ ਕੀਤਾ ਤਾਂ ਬਿਨਾਂ ਕਿਸੇ ਡਰ ਦੇ ਜਾਂਚ ਵਿਚ ਸ਼ਾਮਲ ਹੋਣਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਦੇ ਨਾਲ ਸੂਬਾਈ ਆਗੂ ਰਜੇਸ਼ ਬਾਘਾ, ਰਕੇਸ਼ ਗਿੱਲ, ਰਜੇਸ਼ ਹਨੀ, ਰਜਿੰਦਰ ਮੋਹਨ ਸਿੰਘ ਛੀਨਾ, ਜ਼ਿਲਾ ਪ੍ਰਧਾਨ ਸੁਰੇਸ਼ ਕੁਮਾਰ ਤੇ ਹੋਰ ਹਾਜ਼ਰ ਸਨ।