ਮੋਗਾ, 2 ਸਤੰਬਰ
‘ਗੱਲ ਪੰਜਾਬ ਦੀ’ ਮੁਹਿੰਮ ਤਹਿਤ ਅੱਜ ਮੋਗਾ ਦੀ ਅਨਾਜ ਮੰਡੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਾਂਗਰਸ ਅਤੇ ‘ਆਪ’ ’ਤੇ ਉੱਤੇ ਤਿੱਖਾ ਨਿਸ਼ਾਨਾ ਵਿੰਨ੍ਹਦੇ ਆਖਿਆ ਕਿ ਉਹ ਝੂਠੀਆਂ-ਸੱਚੀਆਂ ਸਹੁੰਆਂ ਨਹੀਂ ਖਾਂਦੇ ਹਨ ਅਤੇ ਜ਼ੁਬਾਨ ਦੇ ਪੱਕੇ ਹਨ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਮੋਗਾ ਹਲਕੇ ਤੋਂ ਐਡਵੋਕੇਟ ਬਰਜਿੰਦਰ ਸਿੰਘ ਮੱਖਣ ਬਰਾੜ, ਜੋ ਸਾਬਕਾ ਮੰਤਰੀ ਜਥੇਦਾਰ ਤੋਤਾ ਸਿੰਘ ਦੇ ਸਪੁੱਤਰ ਹਨ, ਨੂੰ ਪਾਰਟੀ ਉਮੀਦਵਾਰ ਐਲਾਨਦਿਆਂ ਆਖਿਆ ਕਿ ਅਕਾਲੀ ਦਲ ਪੰਜਾਬ ਅਤੇ ਪੰਜਾਬੀਆਂ ਦੀ ਪਾਰਟੀ ਹੈ ਜਿਹੜੀ ਪੰਜਾਬ ਦੇ ਲੋਕਾਂ ਦੀਆਂ ਤਕਲੀਫ਼ਾਂ ਸਮਝਦੀ ਹੈ ਅਤੇ ਲੋਕਾਂ ਪ੍ਰਤੀ ਜਵਾਬਦੇਹ ਹੈ, ਜਿਸ ਕਰਕੇ 10 ਸਾਲਾਂ ਵਿਚ ਪੰਜਾਬ ਹਰ ਪੱਖੋਂ ਖੁਸ਼ਹਾਲ ਹੋ ਗਿਆ ਸੀ। ਉਨ੍ਹਾਂ ਕਿਹਾ ਕਿ ਕਿਸਾਨੀ ਦੀ ਲੜਾਈ ਲੜਨ ਵਾਲੀ ਸਭ ਤੋਂ ਵੱਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ। ਉਨ੍ਹਾਂ ਕਿਹਾ,‘‘ਖ਼ਜ਼ਾਨਾ ਖ਼ਾਲੀ ਨਹੀਂ ਹੈ ਸਗੋਂ ਕਾਂਗਰਸ ਸਰਕਾਰ ਦੀ ਨੀਅਤ ’ਚ ਖੋਟ ਹੈ।’’ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬਾਰੇ ਬੋਲਦਿਆਂ ਉਨ੍ਹਾਂ ਆਖਿਆ ਕਿ ਕੇਜਰੀਵਾਲ ਸਭ ਤੋਂ ਵੱਡਾ ਡਰਾਮੇਬਾਜ਼ ਹੈ। ਉਨ੍ਹਾਂ ਕਿਹਾ ਕਿ ਸੱਤਾ ’ਚ ਆਉਣ ਲਈ ਪਹਿਲਾਂ ਕੈਪਟਨ ਸਰਕਾਰ ਨੇ ਨੌਕਰੀ ਦੇਣ ਦੇ ਫਾਰਮ ਭਰਵਾਏ ਸਨ ਅਤੇ ਹੁਣ ਕੇਜਰੀਵਾਲ 300 ਯੂਨਿਟ ਬਿਜਲੀ ਮੁਆਫ਼ੀ ਦੇ ਭਰਵਾ ਰਿਹਾ ਹੈ। ‘ਕੈਪਟਨ ਨੇ ਕਿਸੇ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ, ਠੀਕ ਉਸੇ ਤਰ੍ਹਾਂ ਹੁਣ ਕੇਜਰੀਵਾਲ ਵੀ ਲੋਕਾਂ ਨੂੰ ਗੁੰਮਰਾਹ ਕਰ ਰਿਹਾ ਹੈ।’
ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਰਗਾ ਝੂਠਾ ਇਨਸਾਨ ਅੱਜ ਤੱਕ ਨਹੀਂ ਵੇਖਿਆ, ਜਿਸ ਨੇ ਮਰਿਆਦਾ ਦਾ ਖਿਆਲ ਰੱਖੇ ਬਿਨਾਂ ਝੂਠੀਆਂ ਸਹੁੰਆਂ ਖਾ ਕੇ ਸਰਕਾਰ ਬਣਾਈ। ਸਾਢੇ ਚਾਰ ਸਾਲ ਵਿਚ ਕੋਈ ਕੰਮ ਨਹੀਂ ਕੀਤਾ, ਕਿਸਾਨਾਂ ਦੀਆਂ ਫਸਲਾਂ ਮੰਡੀਆਂ ਵਿਚ ਰੁਲਦੀਆਂ ਰਹੀਆਂ, ਜਦਕਿ ਅਕਾਲੀ ਦਲ ਦੀ ਸਰਕਾਰ ਵਿਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕੇਂਦਰ ਵਿਚ ਪ੍ਰਧਾਨ ਮੰਤਰੀ ਸਮੇਤ ਮੰਤਰੀਆਂ ਨੂੰ ਮਿਲ ਕੇ ਹਰ ਸਮੱਸਿਆ ਦਾ ਹੱਲ ਕਰਦੇ ਸਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ-ਬਸਪਾ ਦੀ ਸਰਕਾਰ ਆਉਣ ’ਤੇ ਕਾਲੇ ਖੇਤੀ ਕਾਨੂੰਨ ਰੱਦ ਕੀਤੇ ਜਾਣਗੇ। ਇਸ ਮੌਕੇ ਜਥੇਦਾਰ ਤੋਤਾ ਸਿੰਘ, ਤਰਸੇਮ ਸਿੰਘ ਰੱਤੀਆਂ, ਜੋਗਿੰਦਰਪਾਲ ਜੈਨ, ਸਾਬਕਾ ਮੇਅਰ ਅਕਸ਼ਿਤ ਜੈਨ, ਅਮਰਜੀਤ ਸਿੰਘ ਗਿੱਲ, ਤੀਰਥ ਸਿੰਘ ਮਾਹਲਾ ਅਤੇ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਵਰਕਰ ਮੌਜੂਦ ਸਨ।