ਸਰਬਜੀਤ ਸਿੰਘ ਭੰਗੂ
ਪਟਿਆਲਾ, 5 ਜੁਲਾਈ
ਸਿੱਖਿਆ ਅਤੇ ਸਿਹਤ ਨਵੀਂ ਬਣੀ ‘ਆਪ’ ਸਰਕਾਰ ਦੇ ਮੁੱਖ ਏਜੰਡੇ ’ਤੇ ਹਨ। ਇਨ੍ਹਾਂ ਵਿੱਚੋਂ ਅਹਿਮ ਸਿਹਤ ਮਹਿਕਮੇ ਦੀ ਵਜ਼ੀਰੀ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੌੜੇਮਾਜਰਾ ਰਾਹੀਂ ਪਟਿਆਲਾ ਜ਼ਿਲ੍ਹੇ ਨੂੰ ਮਿਲੀ ਹੈ। ਉਂਜ ਪਿਛਲੀ ਕਾਂਗਰਸ ਸਰਕਾਰ ਦੌਰਾਨ ਵੀ ਬਹੁਤਾ ਸਮਾਂ ਸਿਹਤ ਵਿਭਾਗ ਦੀ ਵਜ਼ੀਰੀ ਪਟਿਆਲਾ ਜ਼ਿਲ੍ਹੇ ਵਿੱਚ ਹੀ ਰਹੀ ਹੈ। ਇਸ ਦੌਰਾਨ ਬ੍ਰਹਮ ਮਹਿੰਦਰਾ ਨੇ ਇਹ ਜ਼ਿੰਮੇਵਾਰੀ ਨਿਭਾਈ। ਪਟਿਆਲਾ ਜ਼ਿਲ੍ਹੇ ਨੇ ਸੂਬੇ ਨੂੰ ਦੋ ਮੁੱਖ ਮੰਤਰੀ ਦਿੱਤੇ ਹਨ, ਪਰ ‘ਆਪ’ ਸਰਕਾਰ ਵਿੱਚ ਵਜ਼ੀਰੀ ਤੋਂ ਵਾਂਝਾ ਰਹਿ ਗਿਆ ਸੀ। ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਹਰਾਉਣ ਵਾਲੇ ਵਿਧਾਇਕ ਅਜੀਤਪਾਲ ਕੋਹਲੀ ਨੂੰ ਵਜ਼ੀਰ ਬਣਾਏ ਜਾਣ ਦੀ ਚਰਚਾ ਸੀ
ਛੋਟੇ ਕਿਸਾਨ ਪਰਿਵਾਰ ਨਾਲ ਸਬੰਧਤ ਜੌੜੇਮਾਜਰਾ ਨੇ ਪਹਿਲਾਂ ਕਦੇ ਪੰਚ ਦੀ ਚੋਣ ਵੀ ਨਹੀਂ ਲੜੀ ਸੀ। ਉਹ ਇਸੇ ਪਿੰਡ ਦੇ ਕਾਂਗਰਸੀ ਆਗੂ ਰਛਪਾਲ ਸਿੰਘ ਜੌੜੇਮਾਜਰਾ ਦੇ ਜੋੜੀਦਾਰ ਰਹੇ ਹਨ। ਦਹਾਕਾ ਪਹਿਲਾਂ ਉਹ ‘ਆਪ’ ਨਾਲ ਜੁੜ ਗਏ ਅਤੇ ਇਸ ਦੇ ਜ਼ਿਲ੍ਹਾ ਪ੍ਰਧਾਨ ਵੀ ਰਹੇ। 2019 ਵਿੱਚ ਪੱਟੀ ਵਿੱਚ ਇੱਕ ਲੜਕੀ ਨੂੰ ਅਗ਼ਵਾ ਕਰਨ ਦੀ ਕੋਸ਼ਿਸ਼ ਕਰ ਰਹੇ ਕੁਝ ਨੌਜਵਾਨਾਂ ਦਾ ਵਿਰੋਧ ਕਰਨ ਕਾਰਨ ਚੇਤਨ ਸਿੰਘ ਜੌੜੇਮਾਜਰਾ ਚਰਚਾ ਵਿੱਚ ਆਏ ਸਨ। ਅਗਾਵਾਕਾਰਾਂ ਨੇ ਉਨ੍ਹਾਂ ਨੂੰ ਗੋਲ਼ੀ ਮਾਰ ਕੇ ਜ਼ਖ਼ਮੀ ਕਰ ਦਿੱਤਾ ਸੀ।
ਜ਼ਿਕਰਯੋਗ ਹੈ ਕਿ ਸਮਾਣਾ ਵਿਧਾਨ ਸਭਾ ਹਲਕੇ ਤੋਂ ਚੇਤਨ ਜੌੜੇਮਾਜਰਾ ਨੇ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਅਤੇ ਕਾਂਗਰਸੀ ਆਗੂ ਲਾਲ ਸਿੰਘ ਦੇ ਪੁੱਤਰ ਕਾਕਾ ਰਾਜਿੰਦਰ ਸਿੰਘ ਨੂੰ ਹਰਾਇਆ ਸੀ।