ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 1 ਮਈ
ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ ’ਤੇ ਸ੍ਰੀ ਮੁਕਤਸਰ ਸਾਹਿਬ ਵਿਖੇ ਮਜ਼ਦੂਰ ਦਿਹਾੜੇ ’ਤੇ ਸ਼ਿਕਾਂਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਭੱਟੀ, ਸੂਬਾ ਜਨਰਲ ਸਕੱਤਰ ਪੀਡਬਲਯੂਡੀ ਟੈਕਨੀਸ਼ਨ ਤੇ ਦਰਜਾ ਚਾਰ ਜਸਵੀਰ ਸਿੰਘ ਤੱਖੀ ਨੇ ਕਿਹਾ ਕਿ ਸੂਬੇ ਦੀ ਕੈਪਟਨ ਸਰਕਾਰ ਵੀ ਕੇਂਦਰ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਜੋ ਕਿ ਵਿਕਾਸ ਮਾਡਲ ਦੇ ਏਜੰਡੇ ਤਹਿਤ ਬਿਜਲੀ, ਪਾਣੀ, ਸਿਹਤ, ਸਿੱਖਿਆ, ਟ੍ਰਾਂਸਪੋਰਟ, ਰੇਲਵੇ, ਹਵਾਈ ਜਹਾਜ਼, ਹਵਾਈ ਅੱਡੇ, ਬੈਂਕ, ਬੀਮਾ, ਦੂਰ ਸੰਚਾਰ, ਬੰਦਰਗਾਹਾਂ ਆਦਿ ਬੁਨਿਆਦੀ ਮਹੱਤਤਾ ਵਾਲੇ ਲੋਕ ਅਦਾਰਿਆਂ ਦਾ ਨਿੱਜੀਕਰਨ ਕਰ ਕੇ ਦੇਸੀ-ਵਿਦੇਸ਼ੀ ਲੋਟੂ ਕੰਪਨੀਆਂ ਦੇ ਹਵਾਲੇ ਕੀਤੇ ਜਾ ਰਹੇ ਹਨ ਅਤੇ ਕਰੋਨਾਵਾਇਰਸ ਮਹਾਮਾਰੀ ਦੀ ਆੜ ਵਿਚ ਕਿਰਤ ਅਤੇ ਖੇਤੀ ਕਾਨੂੰਨਾਂ ਵਿਚ ਬੇਲੋੜੀਆਂ ਸੋਧਾਂ ਕਰਕੇ ਕਿਰਤ ਅਤੇ ਖੇਤੀ ਕਾਨੂੰਨਾਂ ਨੂੰ ਮਜ਼ਦੂਰ-ਕਿਸਾਨ ਵਿਰੋਧੀ ਬਣਾਇਆ ਜਾ ਰਿਹਾ ਹੈ। ਉਥੇ ਹੀ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਪਿੰਡ ਫੱਤਣਵਾਲਾ, ਸੀਰਵਾਲੀ ਅਤੇ ਮੁਕਤਸਰ ਵਿੱਚ ਮਜ਼ਦੂਰ ਦਿਵਸ ਮਨਾਇਆ ਗਿਆ।
ਦੋਦਾ (ਜਸਵੀਰ ਸਿੰਘ ਭੁੱਲਰ): ਸਥਾਨਕ ਕਸਬੇ ਵਿਚ ਅੱਜ ਮਜ਼ਦੂਰਾਂ , ਕਿਸਾਨਾਂ ਅਤੇ ਮੁਲਾਜ਼ਮਾਂ ਵੱਲੋਂ ਸਾਂਝੇ ਤੌਰ ’ਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਮਈ ਦਿਹਾੜਾ ਮਨਾਇਆ ਗਿਆ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਰਾਜਾ ਸਿੰਘ ਖੂੰਨਣ ਖੁਰਦ, ਨਿਰਮਾਣ ਯੂਨੀਅਨ ਦੇ ਬਲਵੰਤ ਸਿੰਘ ਸੇਖ, ਬੀ ਕੇ ਯੂ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਦੋਦਾ, ਲੋਕ ਮੋਰਚਾ ਆਗੂ ਪਿਆਰਾ ਲਾਲ, ਟੀ ਐੱਸ ਯੂ ਦੇ ਗਗਨਦੀਪ ਸਿੰਘ ਨੇ ਸੰਬੋਧਨ ਕੀਤਾ।
ਸ਼ਹਿਣਾ (ਪ੍ਰਮੋਦ ਸਿੰਗਲਾ): ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਮਈ ਦਿਵਸ ਮਨਾਇਆ ਗਿਆ ਅਤੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਜਥੇਬੰਦੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਆਜ਼ਾਦੀ ਦੇ 73 ਸਾਲਾ ਬਾਅਦ ਵੀ ਮਜ਼ਦੂਰ ਦੀ ਹਾਲਤ ਬੱਦਤਰ ਹੈ।
ਤਪਾ ਮੰਡੀ (ਸੀ. ਮਾਰਕੰਡਾ): ਅੱਜ ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ (ਏਕਟ) ਵੱਲੋਂ ਦਰਜਨਾਂ ਭੱਠਿਆਂ ਉੱਪਰ ਲਾਲ ਝੰਡੇ ਚੜ੍ਹਾ ਕੇ ਮਈ ਦਿਵਸ ਦੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਭੱਠਾ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਸਕੱਤਰ ਕਾਮਰੇਡ ਗੁਰਪ੍ਰੀਤ ਸਿੰਘ ਰੂੜੇਕੇ ਨੇ ਕਿਹਾ ਕਿ ਸੈਂਕੜੇ ਸਾਲ ਪਹਿਲਾਂ ਸ਼ਹਿਰ ਸ਼ਿਕਾਗੋ ਵਿੱਚ ਆਪਣਾ ਖ਼ੂਨ ਡੋਲ ਕੇ 8 ਘੰਟੇ ਕੰਮ ਤੇ ਹਫ਼ਤਾਵਾਰੀ ਛੁੱਟੀ ਦਾ ਕਨੂੰਨ ਬਣਵਾਇਆ ਸੀ ਜੋ ਕਿ ਪੂਰੀ ਦੁਨੀਆਂ ਵਿਚ ਲਾਗੂ ਹੈ ਪਰ ਦੂਜੇ ਪਾਸੇ ਪੂੰਜੀਪਤੀਆਂ ਤੇ ਕਾਰਪੋਰੇਟ ਘਰਾਣਿਆਂ ਪੱਖੀ ਮੋਦੀ ਸਰਕਾਰ ਨੇ 44 ਕਾਨੂੰਨਾਂ ਵਿੱਚ ਸੋਧਾਂ ਕਰਕੇ 4 ਕਾਨੂੰਨਾਂ ਵਿੱਚ ਤਬਦੀਲ ਕਰ ਦਿੱਤੇ ਗਏ ਹਨ ਜਿਸ ਨਾਲ ਮਜ਼ਦੂਰ ਜਮਾਤ ਨੂੰ ਮੁੜ 12 ਘੰਟੇ ਕੰਮ ਕਰਨਾ ਪਵੇਗਾ।
ਮਹਿਲ ਕਲਾਂ (ਨਵਕਿਰਨ ਸਿੰਘ): ਇਲਾਕੇ ’ਚ ਮਜ਼ਦੂਰ ਜਥੇਬੰਦੀਆਂ ਵੱਲੋਂ ਅੱਜ ਦਰਜਨਾਂ ਪਿੰਡਾਂ ’ਚ ਮਜ਼ਦੂਰ ਦਿਵਸ ਨੁੰ ਸਮਰਪਿਤ ਸਮਾਗਮ ਕੀਤੇ ਗਏ। ਮਨਰੇਗਾ ਮਜ਼ਦੂਰ ਯੂਨੀਅਨ (ਸੀਟੂ) ਅਤੇ ਲਾਲ ਝੰਡਾ ਭੱਠਾ ਮਜ਼ਦੂਰ ਯੂਨੀਅਨ ਵੱਲੋਂ ਕਾਮਰੇਡ ਪ੍ਰੀਤਮ ਸਿੰਘ ਸਹਿਜੜ੍ਹਾ, ਮਾਨ ਸਿੰਘ ਗੁਰਮ, ਬਲਜਿੰਦਰ ਕੌਰ ਠੁੱਲੀਵਾਲ ਦੀ ਅਗਵਾਈ ਹੇਠ ਪਿੰਡ ਠੁੱਲੀਵਾਲ, ਗੁਰਮ, ਸਹਿਜੜ੍ਹਾ ਆਦਿ ’ਚ ਲਾਲ ਝੰਡੇ ਲਹਿਰਾ ਕੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਇਥੇ ਵੱਖ ਵੱਖ ਜਥੇਬੰਦੀਆਂ ਰੋਡਵੇਜ਼ ਕਾਮਿਆਂ, ਟਰੇਡ ਯੂਨੀਅਨ ਕੌਂਸਲਾਂ, ਨਿਗਮ ਕਾਮਿਆਂ ਤੇ ਨੈਸਲੇ ਐਂਪਲਾਈਜ਼ ਯੂਨੀਅਨ ਨੇ ਕੌਮਾਂਤਰੀ ਕਿਰਤ ਦਿਵਸ ਮੌਕੇ ਸ਼ਿਕਾਗੋ ਦੇ ਸ਼ਹੀਦ ਮਜ਼ਦੂਰਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਰੋਡਵੇਜ਼ ਕਾਮਿਆਂ ਵੱਲੋਂ ਸਥਾਨਕ ਬੱਸ ਅੱਡਾ ਵਿੱਚ ਝੰਡਾ ਝੁਲਾ ਕੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਇਸ ਮੌਕੇ ਸੂਬਾ ਆਗੂ ਗੁਰਜੰਟ ਕੋਕਰੀ ਅਤੇ ਜਗਦੀਸ਼ ਚਾਹਲ ਨੇ 1886 ਦੇ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕੀਤਾ
ਨਿਹਾਲ ਸਿੰਘ ਵਾਲਾ (ਰਾਜਵਿੰਦਰ ਰੌਂਤਾ): ਪਿੰਡ ਹਿੰਮਤਪੁਰਾ ਵਿੱਚ ਮਜ਼ਦੂਰਾਂ, ਕਿਸਾਨਾਂ ਤੇ ਮੁਲਾਜ਼ਮਾਂ ਵੱਲੋਂ ਮਜ਼ਦੂਰ ਦਿਵਸ ਮਨਾਉਂਦਿਆਂ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਦਰਸ਼ਨ ਸਿੰਘ ਹਿੰਮਤਪੁਰਾ, ਭਾਰਤੀ ਕਿਸਾਨ ਯੂਨੀਅਨ ਦੇ ਜੰਗੀਰ ਸਿੰਘ, ਡੈਮੋਕਰੇਟਿਕ ਟੀਚਰ ਫ਼ਰੰਟ ਦੇ ਅਮਨਦੀਪ ਮਾਛੀਕੇ, ਨੌਜਵਾਨ ਭਾਰਤ ਸਭਾ ਦੇ ਗੁਰਮਖ ਸਿੰਘ ਹਿੰਮਤਪੁਰਾ ਨੇ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਲਈ ਸ਼ਹਾਦਤਾਂ ਦੇਣ ਵਾਲਿਆਂ ਨੂੰ ਯਾਦ ਕੀਤਾ।
ਬੁਢਲਾਡਾ (ਐੱਨਪੀ ਸਿੰਘ): ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਮਜ਼ਦੂਰ ਦਿਵਸ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਕੋਵਿਡ-19 ਦੇ ਅਸੂਲਾਂ ਤਹਿਤ ਹੋਏ। ਸਾਂਝੀ ਸੰਘਰਸ਼ ਤਾਲਮੇਲ ਕਮੇਟੀ ਵੱਲੋਂ ਇੱਕ ਸਮਾਗਮ ਪਾਵਰਕੌਮ ਦੇ ਮੁੱਖ ਦਫ਼ਤਰ ’ਚ ਹੋਇਆ। ਇਥੇ ਬਿਜਲੀ ਕਾਮਿਆਂ ਨੇ ਲਾਲ ਫੁਲੇਰੇ ਲਹਿਰਾ ਕੇ ਸ਼ਿਕਾਗੋ ਦੇ ਸ਼ਹੀਦ ਮਜ਼ਦੂਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।
ਹੰਡਿਆਇਆ (ਕੁਲਦੀਪ ਸੂਦ): ਭਾਖੜਾ ਪਾਵਰ ਐਂਪਲਾਈਜ਼ ਯੂਨੀਅਨ ਇੰਟਕ ਵੱਲੋਂ ਕੌਮਾਂਤਰੀ ਮਜ਼ਦੂਰ ਦਿਹਾੜੇ ਮੌਕੇ ਹੰਡਿਆਇਆ 220 ਕੇਵੀ ਬੀਬੀਐੱਮਬੀ ਗਰਿੱਡ ਵਿੱਚ ਝੰਡਾ ਲਹਿਰਾਇਆ ਗਿਆ|
ਨਿਹਾਲ ਸਿੰਘ ਵਾਲਾ: ਕੌਮਾਂਤਰੀ ਮਜ਼ਦੂਰ ਦਿਹਾੜੇ ਮੌਕੇ ਸੈਂਕੜੇ ਮਜ਼ਦੂਰਾਂ ਕਿਸਾਨਾਂ ਔਰਤਾਂ ਨੇ ਸਥਾਨਕ ਐੱਸਡੀਐੱਮ ਦਫ਼ਤਰ ਅੱਗੇ ਮਜ਼ਦੂਰ ਲਹਿਰ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਰੈਲੀ ਕਰਦਿਆਂ ਸ਼ਹਿਰ ’ਚ ਮਾਰਚ ਕੀਤਾ।
ਮਮਦੋਟ (ਜਸਵੰਤ ਸਿੰਘ ਥਿੰਦ): ਜਲ ਸਪਲਾਈ ਅਤੇ ਮਸਟਰੋਲ ਐਂਪਲਾਈਜ਼ ਯੂਨੀਅਨ ਫਿਰੋਜ਼ਪੁਰ ਵੱਲੋਂ ਸਰਕਲ ਦਫ਼ਤਰ ਮਈ ਦਿਵਸ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਝੰਡਾ ਚੜ੍ਹਾਇਆ ਗਿਆ। ਇਸ ਮੌਕੇ ਸੂਬਾਈ ਆਗੂ ਦਿਨੇਸ਼ ਸਿੰਘ ਖਾਤੀ ਨੇ ਮਈ ਦਿਵਸ ਦੇ ਇਤਿਹਾਸ ਬਾਰੇ ਦੱਸਿਆ। ਗੁਰਮੇਲ ਸਿੰਘ ਸਭਰਵਾਲ ਨੇ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।
ਜਲਾਲਾਬਾਦ (ਚੰਦਰ ਪ੍ਰਕਾਸ਼ ਕਾਲੜਾ): ਪੀਐੱਸਈਬੀ ਇੰਪ ਫੈਡਰੇਸ਼ਨ ਜਲਾਲਾਬਾਦ ਵਲੋਂ ਮੁਲਾਜ਼ਮ, ਮਜ਼ਦੂਰ ਦਿਵਸ ਨੂੰ ਮਨਾਉਂਦੇ ਹੋਏ ਮੰਡਲ ਜਲਾਲਾਬਾਦ ਦੇ ਪ੍ਰਧਾਨ ਰੋਹਿਤ ਬਾਘਲਾ ਦੀ ਪ੍ਰਧਾਨ ਹੇਠ ਸਾਰੇ ਉੁਪਮੰਡਲ ਗਰਿੱਡਾਂ ਅਤੇ ਸ਼ਿਕਾਇਤ ਕੇਂਦਰਾਂ ’ਤੇ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ।
ਸ਼ਹੀਦਾਂ ਦੀ ਯਾਦ ਵਿੱਚ ਗੇਟ ਰੈਲੀ
ਫ਼ਰੀਦਕੋਟ (ਜਸਵੰਤ ਜੱਸ): ਮਜ਼ਦੂਰ ਜਮਾਤ ਦੇ ਕੌਮਾਂਤਰੀ ਦਿਹਾੜੇ ਮੌਕੇ ਸਥਾਨਕ ਬੱਸ ਸਟੈਂਡ ’ਤੇ ਪੀ.ਆਰ.ਟੀ.ਸੀ ਵਰਕਰਜ਼ ਯੂਨੀਅਨ (ਏਟਕ) ਦਾ ਝੰਡਾ ਲਹਿਰਾਇਆ ਗਿਆ ਅਤੇ ਕਰੋਨਾ ਪਾਬੰਦੀਆਂ ਦਾ ਪਾਲਣ ਕਰਦੇ ਹੋਏ ਗੇਟ ਰੈਲੀ ਕੀਤੀ ਗਈ, ਜਿਸ ਨੂੰ ਜਥੇਬੰਦੀ ਦੇ ਪ੍ਰਧਾਨ ਹਰਮੀਤ ਸਿੰਘ ਗੋਲੇਵਾਲਾ, ਚਮਕੌਰ ਸਿੰਘ, ਪੈਨਸ਼ਨਰ ਆਗੂ ਸੁਖਦੇਵ ਸਿੰਘ ਮੱਲੀ, ਅਸ਼ੋਕ ਕੌਸ਼ਲ ਅਤੇ ਸੁਖਚਰਨ ਸਿੰਘ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ 135 ਸਾਲ ਪਹਿਲਾਂ 8 ਘੰਟੇ ਦਿਹਾੜੀ ਦੀ ਮੰਗ ਨੂੰ ਲੈ ਕੇ ਸ਼ਿਕਾਗੋ ਦੇ ਮਜ਼ਦੂਰ ਆਗੂਆਂ ਨੇ ਗੋਲੀਆਂ ਅਤੇ ਫਾਂਸੀਆਂ ਦਾ ਸਾਹਮਣਾ ਕਰਦੇ ਹੋਏ ਸ਼ਹੀਦੀਆਂ ਦਿੱਤੀਆਂ ਅਤੇ ਸਮੇਂ ਦੇ ਨਾਲ ਅਨੇਕ ਪ੍ਰਾਪਤੀਆਂ ਕੀਤੀਆਂ। ਪਰ ਅੱਜ ਮੋਦੀ ਸਰਕਾਰ ਇਤਿਹਾਸ ਦੇ ਪਹੀਏ ਨੂੰ ਪੁੱਠਾ ਗੇੜਾ ਦੇਣ ਜਾ ਰਹੀ ਹੈ।