ਪੱਤਰ ਪ੍ਰੇਰਕ
ਡੇਰਾ ਬਾਬਾ ਨਾਨਕ, 16 ਅਗਸਤ
ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵਧਣ ਕਰਕੇ ਅੱਜ ਸਰਹੱਦੀ ਪਿੰਡ ਘਣੀਏ ਕੇ ਬੇਟ ਨੂੰ ਜਾਣ ਵਾਲੀ ਲਿੰਕ ਸੜਕ ਟੁੱਟ ਗਈ ਜਿਸ ਕਰਕੇ ਦਰਿਆ ਪਾਰ ਪੈਂਦੇ ਅੱਧੀ ਦਰਜਨ ਪਿੰਡਾਂ ਦਾ ਸੰਪਰਕ ਡੇਰਾ ਬਾਬਾ ਨਾਨਕ ਤੋਂ ਟੁੱਟ ਗਿਆ ਹੈ। ਦਰਿਆ ਪਾਰ ਕਰਕੇ ਖੇਤੀ ਕਰਨ ਗਏ ਕਈ ਲੋਕ ਵੀ ਉੱਧਰ ਹੀ ਫਸ ਗਏ ਹਨ| ਇਥੋਂ ਤੱਕ ਕਿ ਪੱਤਰਕਾਰਾਂ ਦੀ ਟੀਮ ਵੀ ਫਸ ਗਈ ਹੈ। ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਵਲੋਂ ਬੀਤੇ ਦਿਨੀਂ ਦਰਿਆ ਵਿਚ ਡੇਢ ਤੋਂ ਦੋ ਲੱਖ ਕਿਊਸਿਕ ਪਾਣੀ ਛੱਡੇ ਜਾਣ ਬਾਰੇ ਅਲਰਟ ਜਾਰੀ ਕੀਤਾ ਗਿਆ ਸੀ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਜਾਣ ਲਈ ਕਿਹਾ ਗਿਆ ਸੀ। ਕਿਸਾਨਾਂ ਨੇ ਕਿਹਾ ਹੈ ਕਿ ਉਨ੍ਹਾਂ ਦੀਆਂ ਗੰਨੇ ਤੇ ਝੋਨੇ ਦੀਆਂ ਫਸਲਾਂ ਦਾ ਕਾਫੀ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਦੋਸ਼ ਲਾਇਆ ਹੈ ਕਿ ਪ੍ਰਸ਼ਾਸਨ ਵਲੋਂ ਅਲਰਟ ਤਾਂ ਜਾਰੀ ਕਰ ਦਿੱਤਾ ਜਾਂਦਾ ਹੈ ਪਰ ਹੜ੍ਹ ਤੋਂ ਬਚਾਉਣ ਲਈ ਕੋਈ ਪ੍ਰਬੰਧ ਨਹੀਂ ਕੀਤੇ ਜਾਂਦੇ।