ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 30 ਜਨਵਰੀ
ਵਿਦਿਆਰਥੀ ਜਥੇਬੰਦੀ ਅਤੇ ਮਾਝਾ ਏਡ ਨਾਲ ਸਬੰਧਤ ਨੌਜਵਾਨ ਗੁਰਸ਼ਰਨ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਦਿੱਲੀ ਦੀ ਗਾਜ਼ੀਪੁਰ ਹੱਦ ’ਤੇ ਕਿਸਾਨ ਸੰਘਰਸ਼ ’ਤੇ ਬੈਠੇ ਆਗੂ ਰਕੇਸ਼ ਟਿਕੈਤ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਦਾ ਪਵਿੱਤਰ ਜਲ ਭੇਟ ਕੀਤਾ ਹੈ। ਗੁਰਸ਼ਰਨ ਸਿੰਘ ਨੇ ਦੱਸਿਆ ਕਿ ਕਿਸਾਨ ਆਗੂ ਨੂੰ ਨੇ ਸਿਰ ਮੱਥੇ ਲਾਉਂਦਿਆਂ ਜਲ ਪੀਤਾ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਗਾਜ਼ੀਪੁਰ ਹੱਦ ’ਤੇ ਭਾਜਪਾ ਸਰਕਾਰ ਦੀ ਅਗਵਾਈ ਹੇਠ ਕੀਤੇ ਜ਼ਬਰ ਦੀ ਹਾਲਤ ਦੇਖਣ ਮਗਰੋਂ ਵੱਡੀ ਗਿਣਤੀ ਵਿੱਚ ਲੋਕ ਦਿੱਲੀ ਰਵਾਨਾ ਹੋ ਗਏ ਸਨ। ਇਸ ਮੌਕੇ ਉਨ੍ਹਾਂ ਨੇ ਸਾਥੀਆਂ ਸਮੇਤ ਸ੍ਰੀ ਹਰਿਮੰਦਰ ਸਾਹਿਬ ਜਾ ਕੇ ਕਿਸਾਨ ਸੰਘਰਸ਼ ਦੀ ਸਫ਼ਲਤਾ ਲਈ ਅਰਦਾਸ ਕੀਤੀ ਅਤੇ ਮਗਰੋਂ ਸਰੋਵਰ ਦਾ ਜਲ ਲੈ ਕੇ ਦਿੱਲੀ ਵੱਲ ਚੱਲ ਪਏ। ਅੱਜ ਉਨ੍ਹਾਂ ਇਹ ਜਲ ਰਕੇਸ਼ ਟਿਕੈਤ ਨੂੰ ਸੌਂਪਿਆ। ਨੌਜਵਾਨਾਂ ਨੇ ਕਿਸਾਨ ਆਗੂ ਨੂੰ ਸਿਰੋਪਾਓ ਵੀ ਭੇਟ ਕੀਤੇ।