ਕੁਲਦੀਪ ਸਿੰਘ
ਚੰਡੀਗੜ੍ਹ, 20 ਅਗਸਤ
ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਵੱਖ ਵੱਖ ਮੰਗਾਂ ਨੂੰ ਲੈ ਕੇ ਪੰਜਾਬ-ਯੂਟੀ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਦੇ ਸੱਦੇ ’ਤੇ ਚੰਡੀਗੜ੍ਹ ਦੇ ਸੈਕਟਰ-39 ਸਥਿਤ ਸਰਕਟ ਹਾਊਸ ਵਿੱਚ ਮੰਤਰੀਆਂ ਦੀਆਂ ਰਿਹਾਇਸ਼ਾਂ ਦਾ ਘਿਰਾਓ ਕਰਨ ਜਾਂਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਅੱਜ ਚੰਡੀਗੜ੍ਹ ਪੁਲੀਸ ਨੇ ਬੈਰੀਕੇਡ ਅਤੇ ਗਾਰੇ ਨਾਲ ਭਰੇ ਟਿੱਪਰ ਲਗਾ ਕੇ ਰੋਕ ਲਿਆ। ਇਸ ਦੌਰਾਨ ਮੁਲਾਜ਼ਮਾਂ ਦੀ ਪੁਲੀਸ ਨਾਲ ਧੱਕਾਮੁੱਕੀ ਵੀ ਹੋਈ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ’ਤੇ ਪਾਣੀਆਂ ਦੀਆਂ ਬੁਛਾੜਾਂ ਮਾਰ ਕੇ ਅੱਗੇ ਵਧਣ ਤੋਂ ਰੋਕ ਦਿੱਤਾ। ਇਸ ਕਾਰਨ ਕਈ ਮੁਲਾਜ਼ਮਾਂ ਦੀਆਂ ਪੱਗਾਂ ਵੀ ਉੱਤਰ ਗਈਆਂ। ਮੁਲਾਜ਼ਮਾਂ ਨੇ ਸੜਕ ’ਤੇ ਬੈਠ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ।
ਇਸ ਸਬੰਧੀ ਮੁਲਾਜ਼ਮ ਆਗੂਆਂ ਸੁਖਚੈਨ ਸਿੰਘ ਖਹਿਰਾ, ਮਨਦੀਪ ਸਿੰਘ ਸਿੱਧੂ, ਦਵਿੰਦਰ ਬੈਨੀਪਾਲ, ਪਰਵਿੰਦਰ ਖੰਗੂੜਾ, ਗੁਰਮੇਲ ਸਿੰਘ ਸਿੱਧੂ, ਵਿੱਤ ਤੇ ਯੋਜਨਾ ਵਿਭਾਗ ਤੋਂ ਕਮਲਜੀਤ ਕੌਰ, ਬਲਵਿੰਦਰ ਕੌਰ, ਜਗਦੀਸ਼ ਸਰਾਓ, ਕਰਮ ਸਿੰਘ ਧਨੋਆ, ਹਰਪਾਲ ਸਿੰਘ, ਜਸਮੇਰ ਸਿੰਘ, ਬਲਰਾਜ ਸਿੰਘ ਦਾਊਂ ਨੇ ਕਿਹਾ ਕਿ ਕੈਪਟਨ ਸਰਕਾਰ ਚੋਣਾਂ ਮੌਕੇ ਕੀਤਾ ਵਾਅਦੇ ਭੁੱਲ ਗਈ ਹੈ। ਉਨ੍ਹਾਂ ਕਿਹਾ ਕਿ ਕੈਬਨਿਟ ਸਬ-ਕਮੇਟੀ ਨਾਲ ਕਈ ਵਾਰ ਹੋਈਆਂ ਮੀਟਿੰਗਾਂ ਵਿੱਚ ਵੀ ਮੰਗਾਂ ਸਬੰਧੀ ਕੋਈ ਸਾਰਥਕ ਹੱਲ ਨਹੀਂ ਕੱਢਿਆ ਗਿਆ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜੇ ਸਾਂਝੇ ਫਰੰਟ ਨਾਲ ਜਲਦ ਮੀਟਿੰਗ ਕਰ ਕੇ ਮੰਗਾਂ ਦਾ ਨਬਿੇੜਾ ਨਾ ਕੀਤਾ ਗਿਆ ਤਾਂ 4 ਤੋਂ 12 ਸਤੰਬਰ ਤੱਕ ਪੰਜਾਬ ਦੇ ਸਮੁੱਚੇ ਮੁਲਾਜ਼ਮਾਂ ਵੱਲੋਂ ਪੈੱਨ ਡਾਊਨ/ਟੂਲ ਡਾਊਨ ਹੜਤਾਲ ਕੀਤੀ ਜਾਵੇਗੀ।
ਸਾਂਝੇ ਫਰੰਟ ਦਾ ਅੱਜ ਕੈਬਨਿਟ ਮੰਤਰੀਆਂ ਨੂੰ ਚਿਤਾਵਨੀ ਪੱਤਰ ਸੌਂਪਣ ਦਾ ਪ੍ਰੋਗਰਾਮ ਸੀ ਪਰ ਕੋਈ ਮੰਤਰੀ ਨਾ ਆਉਣ ’ਤੇ ਸਿਹਤ ਮੰਤਰੀ ਦਫ਼ਤਰ ਦੇ ਨੁਮਾਇੰਦੇ ਨੂੰ ਚਿਤਾਵਨੀ ਪੱਤਰ ਸੌਂਪ ਕੇ ਪ੍ਰਦਰਸ਼ਨ ਸਮਾਪਤ ਕਰ ਦਿੱਤਾ ਗਿਆ।