ਨਿੱਜੀ ਪੱਤਰ ਪ੍ਰੇਰਕ
ਜਲੰਧਰ, 18 ਦਸੰਬਰ
ਇੱਥੋਂ ਦੇ ਬੱਸ ਸਟੈਂਡ ਵਿੱਚ ਪਾਣੀ ਵਾਲੀ ਟੈਂਕੀ ’ਤੇ ਬੈਠੇ ਬੇਰੁਜ਼ਗਾਰ ਮੁਨੀਸ਼ ਕੁਮਾਰ ਅਤੇ ਜਸਵੰਤ ਘੁਬਾਇਆ ਨੇ ਸਿੱਖਿਆ ਵਿਭਾਗ ਵੱਲੋਂ ਕੱਢੀਆਂ ਗਈਆਂ 4185 ਮਾਸਟਰ ਕੇਡਰ ਦੀਆਂ ਅਸਾਮੀਆਂ ’ਚ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਘੱਟ ਪੋਸਟਾਂ ਹੋਣ ’ਤੇ ਸ਼ੱਕ ਜ਼ਾਹਿਰ ਕਰਦਿਆਂ ਸਿੱਖਿਆ ਮੰਤਰੀ ਦੀ ਕੋਠੀ ਅੱਗੇ ਸਮੂਹਿਕ ਆਤਮਦਾਹ ਦੀ ਧਮਕੀ ਦਿੱਤੀ ਹੈ। ਇਸੇ ਤਰ੍ਹਾਂ ਸੰਦੀਪ ਗਿੱਲ ਤੇ ਗੁਰਪ੍ਰੀਤ ਸਿੰਘ ਪੱਕਾ ਨੇ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਨੀਅਤ ’ਤੇ ਸ਼ੱਕ ਕਰਦਿਆਂ ਕਿਹਾ ਕਿ ਇਸ਼ਤਿਹਾਰ ਜਾਰੀ ਹੋਣ ਮਗਰੋਂ ਵੀ ਵਿਸ਼ਾਵਾਰ ਸੂਚੀ ਜਾਰੀ ਨਾ ਕਰਨਾ ਬੇਰੁਜ਼ਗਾਰਾਂ ਨਾਲ ਪੱਖਪਾਤ ਹੋਣ ਵੱਲ ਇਸ਼ਾਰਾ ਕਰਦਾ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਜੇ ਪਿਛਲੀ 3704 ਮਾਸਟਰ ਕੇਡਰ ਦੀ ਭਰਤੀ ਵਾਂਗ ਧੋਖਾ ਕੀਤਾ ਗਿਆ ਤਾਂ ਹੋਣ ਵਾਲੇ ਨੁਕਸਾਨ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।