ਸਰਬਜੀਤ ਸਿੰਘ ਭੰਗੂ
ਪਟਿਆਲਾ, 5 ਸਤੰਬਰ
ਪੀਆਰਟੀਸੀ ਵਰਕਰਜ਼ ਐਕਸ਼ਨ ਕਮੇਟੀ ਵੱਲੋਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇ 6 ਸਤੰਬਰ ਤੱਕ ਸਮੂਹ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਤੇ ਪੈਨਸ਼ਨਾਂ ਨਾ ਦਿੱਤੀਆਂ ਗਈਆਂ ਤਾਂ ਅਗਲੇ ਦਿਨ 7 ਸਤੰਬਰ ਨੂੰ ਪੀਆਰਟੀਸੀ ਦੇ ਪੰਜਾਬ ਭਰ ਵਿਚਲੇ ਡਿੱਪੂਆਂ ਦੇ ਗੇਟਾਂ ’ਤੇ ਰੋਸ ਰੈਲੀਆਂ ਕੀਤੀਆਂ ਜਾਣਗੀਆਂ। ਪੀਆਰਟੀਸੀ ਵਰਕਰਜ਼ ਐਕਸ਼ਨ ਕਮੇਟੀ ਦੇ ਕਨਵੀਨਰ ਨਿਰਮਲ ਸਿੰਘ ਧਾਲੀਵਾਲ ਨੇ ਐਲਾਨ ਕੀਤਾ ਕਿ ਜੇ 6 ਸਤੰਬਰ ਤੱਕ ਤਨਖ਼ਾਹਾਂ ਤੇ ਪੈਨਸ਼ਨਾਂ ਜਾਰੀ ਨਾ ਕੀਤੀਆਂ ਗਈਆਂ ਗਈਆਂ ਤਾਂ ਸੱਤ ਨੂੰ ਪੀਆਰਟੀਸੀ ਦੇ ਸਾਰੇ ਡਿੱਪੂਆਂ ਦੇ ਗੇਟਾਂ ’ਤੇ ਰੋਸ ਰੈਲੀਆਂ ਹੋਣਗੀਆਂ ਤੇ ਜੇ ਫਿਰ ਵੀ ਅਮਲ ਨਾ ਹੋਇਆ, ਤਾਂ 16 ਸਤੰਬਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਵੱਡਾ ਇਕੱਠ ਕੀਤਾ ਜਾਵੇਗਾ।
ਤਨਖਾਹਾਂ ’ਤੇ ਰੋਕ ਲਗਾਉਣ ਦਾ ਡੀਟੀਐੱਫ ਵੱਲੋਂ ਵਿਰੋਧ
ਚੰਡੀਗੜ੍ਹ (ਪੱਤਰ ਪ੍ਰੇਰਕ): ਪੰਜਾਬ ਸਰਕਾਰ ਵੱਲੋਂ ‘ਏ’, ‘ਬੀ’ ਅਤੇ ‘ਸੀ’ ਕੈਟਾਗਿਰੀ ਦੇ ਲੱਖਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਕਢਵਾਉਣ ਤੇ ਖਜ਼ਾਨਿਆਂ ਨੂੰ ਲਗਾਏ ਜ਼ੁਬਾਨੀ ਰੋਕ ਦੇ ਹੁਕਮ ਸਤੰਬਰ ਮਹੀਨੇ ਦੇ ਪੰਜਵੇਂ ਦਿਨ ਵੀ ਜਾਰੀ ਰਹੇ ਹਨ, ਜਿਸ ਕਾਰਨ ਅੱਜ ਵੀ ਮੁਲਾਜ਼ਮਾਂ ਨੂੰ ਪਿਛਲੇ ਮਹੀਨੇ ਦੀ ਤਨਖ਼ਾਹ ਨਸੀਬ ਨਹੀਂ ਹੋ ਸਕੀ। ਦੂਜੇ ਪਾਸੇ, ਪੰਜ ਸਤੰਬਰ ਨੂੰ ਅਧਿਆਪਕ ਦਿਵਸ ਹੋਣ ਦੇ ਬਾਵਜੂਦ ਹਜ਼ਾਰਾਂ ਅਧਿਆਪਕ ਤਨਖ਼ਾਹ ਨਾ ਮਿਲਣ ਪੱਖੋਂ ਨਿਰਾਸ਼ ਰਹੇ।