ਸ੍ਰੀਨਗਰ, 7 ਜਨਵਰੀ
ਕਸ਼ਮੀਰ ਦੇ ਵਧੇਰੇ ਇਲਾਕਿਆਂ ’ਚ ਅੱਜ ਦਰਮਿਆਨੀ ਤੋਂ ਭਾਰੀ ਬਰਫ਼ਬਾਰੀ ਹੋਈ। ਅਧਿਕਾਰੀਆਂ ਨੇ ਦੱਸਿਆ ਕਿ ਬਰਫ਼ਬਾਰੀ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਢਿੱਗਾਂ ਡਿੱਗਣ ਦੇ ਖਦਸ਼ੇ ਵਾਲੇ ਖੇਤਰਾਂ ਲਈ ਚਿਤਾਵਨੀ ਜਾਰੀ ਕੀਤੀ ਹੈ। ਇਸੇ ਦੌਰਾਨ ਮੌਸਮ ਵਿਭਾਗ ਨੇ 8 ਤੇ 9 ਜਨਵਰੀ ਹਿਮਾਚਲ ਪ੍ਰਦੇਸ਼ ਦੇ ਮੈਦਾਨੀ ਇਲਾਕਿਆਂ ’ਚ ਮੀਂਹ ਅਤੇ ਦਰਮਿਆਨੇ ਉੱਚੇ ਪਹਾੜੀ ਇਲਾਕਿਆਂ ’ਚ ਬਰਫ਼ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਵਿਭਾਗ ਨੇ ਸੋਮਵਾਰ ਨੂੰ ਮੌਸਮ ’ਚ ਸੁਧਾਰ ਆਉਣ ਦਾ ਅਨੁਮਾਨ ਜ਼ਾਹਿਰ ਕੀਤਾ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਅੱਜ ਰੋਹਤਾਂਗ ’ਚ ਬਰਫ਼ਬਾਰੀ ਤੇ ਧਰਮਸ਼ਾਲਾ ਤੇ ਪਾਲਮਪੁਰ ’ਚ ਮੀਂਹ ਪਿਆ ਹੈ। ਰਾਜਧਾਨੀ ਸ਼ਿਮਲਾ ਸਮੇਤ ਸੂਬੇ ਦੇ ਵਧੇਰੇ ਇਲਾਕਿਆ ’ਚ ਬੱਦਲ ਛਾਏ ਰਹੇ।
ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਦੱਖਣ ਤੇ ਮੱਧ ਕਸ਼ਮੀਰ ਦੇ ਜ਼ਿਆਦਾਤਰ ਹਿੱਸਿਆਂ ’ਚ ਹਲਕੀ ਬਰਫ਼ਬਾਰੀ ਦੀ ਸੂਚਨਾ ਹੈ। ਉਨ੍ਹਾਂ ਕਿਹਾ, ‘ਅੱਜ ਰਾਤ ਤੇ ਭਲਕੇ ਭਾਰੀ ਬਰਫ਼ਬਾਰੀ ਦੀ ਸੰਭਾਵਨਾ ਹੈ। ਐਤਵਾਰ ਤੋਂ ਮੌਸਮ ਸੁਧਰਨ ਦੀ ਆਸ ਹੈ।’ ਅਧਿਕਾਰੀ ਨੇ ਕਿਹਾ ਕਿ ਬਾਅਦ ਦੁਪਹਿਰ ਸ਼ੁਰੂ ਹੋਈ ਬਰਫ਼ਬਾਰੀ ਕਾਰਨ ਸ੍ਰੀਨਗਰ ’ਚ ਕਈ ਉਡਾਣਾਂ ਰੱਦ ਕਰਨੀਆਂ ਪਈਆਂ। ਉਨ੍ਹਾਂ ਦੱਸਿਆ ਕਿ 37 ਉਡਾਣਾਂ ’ਚੋਂ ਸਿਰਫ਼ 23 ਹੀ ਚਲਾਈਆਂ ਜਾ ਸਕੀਆਂ ਹਨ। ਕਸ਼ਮੀਰ ਦੇ ਬਰਫ਼ਬਾਰੀ ਵਾਲੇ ਪਹਾੜੀ ਇਲਾਕਿਆਂ ’ਚ ਪ੍ਰਸ਼ਾਸਨ ਨੇ ਜ਼ਮੀਨ ਖਿਸਕਣ ਦੀ ਚਿਤਾਵਨੀ ਜਾਰੀ ਕੀਤੀ ਹੈ। ਦੂਜੇ ਪਾਸੇ ਕਸ਼ਮੀਰ ਦੀਆਂ ਬਹੁਤੀਆਂ ਥਾਵਾਂ ’ਚ ਠੰਢ ਦਾ ਪੂਰਾ ਜ਼ੋਰ ਰਿਹਾ ਤੇ ਤਾਪਮਾਨ ਮਨਫੀ ਤੋਂ ਹੇਠਾਂ ਬਣਿਆ ਰਿਹਾ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ੍ਰੀਨਗਰ ’ਚ ਘੱਟੋ ਘੱਟ ਤਾਪਮਾਨ 2.6 ਡਿਗਰੀ ਦਰਜ ਕੀਤਾ ਗਿਆ। ਇਸੇ ਤਰ੍ਹਾਂ ਗੁਲਮਰਗ ’ਚ ਘੱਟੋ ਘੱਟ ਤਾਪਮਾਨ ਮਨਫੀ 5.5 ਡਿਗਰੀ, ਪਹਿਲਗਾਮ ’ਚ ਘੱਟੋ ਘੱਟ ਤਾਪਮਾਨ ਮਨਫੀ 0.4 ਡਿਗਰੀ, ਕਾਜ਼ੀਗੁੰਡ ’ਚ 0.4 ਡਿਗਰੀ, ਕੋਕਰਨਾਗ ’ਚ ਮਨਫੀ 0.2 ਡਿਗਰੀ ਜਦਕਿ ਕੁਪਵਾੜਾ ’ਚ ਘੱਟੋ ਘੱਟ ਤਾਪਮਾਨ 0.8 ਡਿਗਰੀ ਦਰਜ ਕੀਤਾ ਗਿਆ। -ਪੀਟੀਆਈ
ਦਿੱਲੀ ’ਚ ਹਲਕੇ ਮੀਂਹ ਦੀ ਸੰਭਾਵਨਾ
ਨਵੀਂ ਦਿੱਲੀ: ਕੌਮੀ ਰਾਜਧਾਨੀ ’ਚ ਅੱਜ ਘੱਟੋ ਘੱਟ ਤਾਪਮਾਨ ਆਮ ਨਾਲੋਂ ਛੇ ਡਿਗਰੀ ਵੱਧ 13.5 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਦਿੱਲੀ ’ਚ ਭਲਕੇ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ। ਦਿੱਲੀ ’ਚ ਲੰਘੇ ਬੁੱਧਵਾਰ ਵੀ 7.3 ਐੱਮਐੱਮ ਮੀਂਹ ਦਰਜ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਪੱਛਮੀ ਗੜਬੜੀ ਕਾਰਨ ਪੰਜਾਬ, ਹਰਿਆਣਾ, ਦਿੱਲੀ, ਉੱਤਰੀ ਰਾਜਸਥਾਨ ਤੇ ਪੱਛਮੀ ਉੱਤਰ ਪ੍ਰਦੇਸ਼ ’ਚ ਨੌਂ ਜਨਵਰੀ ਤੱਕ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ। ਅਗਲੇ ਦੋ ਦਿਨ ਪੰਜਾਬ, ਹਰਿਆਣਾ ਤੇ ਉੱਤਰ-ਪੱਛਮੀ ਯੂਪੀ ’ਚ ਵੀ ਭਾਰੀ ਮੀਂਹ ਦੀ ਸੰਭਾਵਨਾ ਜ਼ਾਹਿਰ ਕੀਤੀ ਹੈ -ਪੀਟੀਆਈ