ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਜੂਨ
ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਗੁਰੂ ਘਰਾਂ ਵਿੱਚ ਆਧੁਨਿਕ ਹਥਿਆਰਾਂ ਦੀ ਸਿਖਲਾਈ ਦਿੱਤੇ ਜਾਣ ਦੇ ਸੱਦੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਜਥੇਦਾਰ ਦੁਨੀਆ ਅਤੇ ਖਾਸ ਕਰਕੇ ਖਾਸ ਕਰਕੇ ਸਿੱਖ ਕੌਮ ਨੂੰ ਕੀ ਦੱਸਣ ਦੀ ਕੋਸ਼ਿਸ਼ ਕਰ ਰਹੇ ਹਨ।
ਰਾਜਾ ਵੜਿੰਗ ਨੇ ਜਥੇਦਾਰ ਨੂੰ ਸੁਆਲ ਕੀਤਾ, ‘‘ਕੀ ਤੁਸੀਂ ਸਾਰਿਆਂ ਜਾਂ ਸਿਰਫ ਸਿੱਖਾਂ ਲਈ ਹਥਿਆਰਾਂ ਦੀ ਸਿਖਲਾਈ ਦੀ ਵਕਾਲਤ ਕਰ ਰਹੇ ਹੋ ਅਤੇ ਕੀ ਇਸ ਨਾਲ ਦੂਜਿਆਂ ਵਿੱਚ ਅਸੁਰੱਖਿਆ ਅਤੇ ਅਵਿਸ਼ਵਾਸ ਦੀ ਭਾਵਨਾ ਪੈਦਾ ਨਹੀਂ ਹੋਵੇਗੀ।’’ ਉਨ੍ਹਾਂ ਅਪੀਲ ਕੀਤੀ ਕਿ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਦੀ ਥਾਂ ਜਥੇਦਾਰ ਸ਼ਾਂਤੀ ਦਾ ਸੰਦੇਸ਼ ਫੈਲਾਉਣ।
ਇਸੇ ਤਰ੍ਹਾਂ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਨੌਜਵਾਨਾਂ ਨੂੰ ਹਥਿਆਰਾਂ ਦੀ ਥਾਂ ਸਿੱਖੀ ਸਿਧਾਤਾਂ ਬਾਰੇ ਦੱਸਿਆ ਜਾਵੇ ਕਿਉਂਕਿ ਸੰਗਤ ਪ੍ਰਚਾਰ ਅਤੇ ਅਧਿਆਤਮਿਕਤਾ ਤੋਂ ਵਾਂਝੀ ਹੈ। ਰੰਧਾਵਾ ਨੇ ਟਵੀਟ ਵਿੱਚ ਕਿਹਾ ਕਿ ਜਥੇਦਾਰ ਦਾ ਕੰਮ ਗੁਰੂ ਦਾ ਸਿੱਖ ਬਣਾਉਣਾ ਹੈ। ਗੁਰੂ ਦਾ ਸਿੱਖ ਆਪਣੀ ਰੱਖਿਆ ਖ਼ੁਦ ਕਰ ਸਕਦਾ ਹੈ। ਰੰਧਾਵਾ ਨੇ ਇਹ ਸੁਆਲ ਵੀ ਉਠਾਏ, ‘‘ਜਦੋਂ ਤੋਂ ਤੁਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਬਣੇ ਹੋ, ਉਦੋਂ ਤੋਂ ਲੈ ਕੇ ਹੁਣ ਤੱਕ ਕਿੰਨੀਆਂ ਧਰਮ ਪ੍ਰਚਾਰ ਕਮੇਟੀਆਂ ਬਣਾਈਆਂ ਗਈਆਂ, ਜੋ ਕਿ ਸਾਡੇ ਧਰਮ ਦਾ ਪ੍ਰਚਾਰ ਕਰ ਸਕਣ। ਕਿੰਨਿਆਂ ਨੂੰ ਗੁਰੂ ਘਰ ਨਾਲ ਜੋੜਿਆ।’’
ਜਥੇਦਾਰ ਦੇ ਮਸੀਤਾਂ ਸਬੰਧੀ ਬਿਆਨ ਦਾ ਮੁਸਲਿਮ ਆਗੂਆਂ ਵੱਲੋਂ ਵਿਰੋਧ
ਮੰਡੀ ਅਹਿਮਦਗੜ੍ਹ (ਮਹੇਸ਼ ਸ਼ਰਮਾ): ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਪੰਜਾਬ ਦੇ ਪਿੰਡਾਂ ਵਿੱਚ ਮਸਜਿਦਾਂ ਅਤੇ ਚਰਚਾ ਬਣਨ ਨੂੰ ਸਿੱਖੀ ਲਈ ਚਿੰਤਾ ਦਾ ਵਿਸ਼ਾ ਦੱਸਣ ਵਾਲੇ ਬਿਆਨ ਦਾ ਮੁਸਲਿਮ ਆਗੂਆਂ ਵੱਲੋਂ ਗੰਭੀਰ ਨੋਟਿਸ ਲਿਆ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਹੈ ਕਿ ਜਥੇਦਾਰ ਆਪਣਾ ਧਾਰਮਿਕ ਫ਼ਰਜ਼ ਅਦਾ ਕਰਨ ਦੀ ਥਾਂ ਸ਼੍ਰੋਮਣੀ ਅਕਾਲੀ ਦਲ ਨੂੰ ਖ਼ੁਸ਼ ਕਰਨ ਲਈ ਨਫ਼ਰਤ ਪੈਦਾ ਕਰਨ ਵਾਲੇ ਬਿਆਨ ਦੇ ਰਹੇ ਹਨ। ਦਲੀਜ ਰੋਡ ਦੀਆਂ ਮੁਸਲਿਮ ਸੰਸਥਾਵਾਂ ਦੇ ਅਹੁਦੇਦਾਰਾਂ ਤੇ ਕਾਰਕੁਨਾਂ ਨੇ ਜੀਸ਼ਾਨ ਹੈਦਰ ਦੀ ਅਗਵਾਈ ਵਿੱਚ ਦੋਸ਼ ਲਗਾਇਆ ਕਿ ਜਥੇਦਾਰ ਸਾਹਿਬ ਮੁਸਲਮਾਨਾਂ ਅਤੇ ਇਸਲਾਮ ਪ੍ਰਤੀ ਆਪਣੇ ਨਿੱਜੀ ਵਿਚਾਰ ਪ੍ਰਗਟ ਕਰਨ ਲਈ ਅਕਾਲ ਤਖ਼ਤ ਸਾਹਿਬ ਦੀ ਦੁਰਵਰਤੋਂ ਕਰ ਰਹੇ ਹਨ। ਜੀਸ਼ਾਨ ਹੈਦਰ ਨੇ ਦਲੀਲ ਦਿੱਤੀ ਕਿ ਜਥੇਦਾਰ ਸਾਹਿਬ ਇਹੋ ਜਿਹੇ ਬਿਆਨ ਦੇਣ ਤੋਂ ਪਹਿਲਾਂ ਬਿਆਸ ਨਦੀ ਕੰਢੇ ਬਣੀ ਗੁਰੂ ਕੀ ਮਸਜਿਦ ਦੇ ਦਰਸ਼ਨ ਕਰ ਕੇ ਆਉਣ ਜੋ ਕਿ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਨੇ 1635 ਵਿੱਚ ਬਣਵਾਈ ਸੀ। ਆਗੂਆਂ ਨੇ ਕਿਹਾ ਕਿ ਇਸ ਸਬੰਧ ਵਿੱਚ ਕੋਈ ਵੀ ਕਾਰਵਾਈ ਸੀਨੀਅਰ ਧਾਰਮਿਕ ਆਗੂਆਂ ਨਾਲ ਰਾਏ ਕਰ ਕੇ ਕੀਤੀ ਜਾਵੇਗੀ। ਮੁਸਲਿਮ ਆਗੂਆਂ ਨੇ ਅਫ਼ਸੋਸ ਪ੍ਰਗਟ ਕੀਤਾ ਕਿ ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਇੱਕ ਸਿਆਸੀ ਪਾਰਟੀ ਦੇ ਨੁਮਾਇੰਦੇ ਵਜੋਂ ਪੇਸ਼ ਆ ਰਹੇ ਹਨ। ਉਨ੍ਹਾਂ ਦੇ ਸ਼ਬਦਾਂ ਨਾਲ ਮੁਸਲਮਾਨ ਅਤੇ ਈਸਾਈ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।