ਨਿੱਜੀ ਪੱਤਰ ਪ੍ਰੇਰਕ
ਖਮਾਣੋਂ, 12 ਜੁਲਾਈ
ਖਮਾਣੋਂ ਦੇ ਵਾਰਡ ਨੰਬਰ 4 ਅਤੇ 5 ਦੇ ਲੋਕਾਂ ਵੱਲੋਂ ਅੱਜ ਨਗਰ ਪੰਚਾਇਤ ਦਫਤਰ ਖਮਾਣੋਂ ਦੇ ਅੱਗੇ ਨਗਰ ਪੰਚਾਇਤ ਖਮਾਣੋਂ ਦੇ ਅਧਿਕਾਰੀਆਂ ਖ਼ਿਲਾਫ਼ ਰੋਸ ਮੁਜ਼ਾਹਰਾ ਕੀਤਾ ਅਤੇ ਨਾਅਰੇਬਾਜ਼ੀ ਵੀ ਕੀਤੀ। ਡਾ. ਰਾਮ ਪ੍ਰਤਾਪ, ਵਿਨੋਦ ਕੁਮਾਰ ਅਤੇ ਮਲਾਗਰ ਸਿੰਘ ਆਦਿ ਨੇ ਦੱਸਿਆ ਕਿ ਨਗਰ ਪੰਚਾਇਤ ਖਮਾਣੋਂ ਵੱਲੋਂ ਵਾਟਰ ਟਰੀਟਮੈਂਟ ਪਲਾਂਟ ਬਣਾਇਆ ਜਾ ਰਿਹਾ ਹੈ ਪਰ ਉਸ ਦਾ ਕੰਮ ਨੇਪਰੇ ਨਾ ਚੜ੍ਹਨ ਕਾਰਨ ਪਾਣੀ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਹੋਈ ਭਾਰੀ ਬਰਸਾਤ ਕਾਰਨ ਵਾਰਡ ਵਿੱਚ ਸਥਿਤ ਬਾਬਾ ਸੁੱਖਾ ਸਿੰਘ ਜੀ ਦੀ ਇਤਿਹਾਸਕ ਸਮਾਧ ਦੀ ਕੰਧ ਵੀ ਡਿਗ ਚੁੱਕੀ ਹੈ ਤੇ ਇਸ ਕੰਧ ਉੱਤੇ ਲੱਗਿਆ ਟਰਾਂਸਫਾਰਮਰ ਵੀ ਡਿੱਗਣ ਨੂੰ ਤਿਆਰ ਹੈ ਤੇ ਵਾਰਡ ਦੇ ਕਈ ਮਕਾਨਾਂ ਵਿੱਚ ਤਰੇੜਾਂ ਪੈਣੀਆਂ ਸ਼ੁਰੂ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪਾਣੀ ਦੇ ਨਿਕਾਸ ਲਈ ਜੋ ਪਾਈਪਾਂ ਪਾਈਆਂ ਗਈਆਂ ਹਨ ਉਹ ਤੰਗ ਹਨ ਅਤੇ ਪਾਣੀ ਨੂੰ ਨਹੀਂ ਖਿੱਚਦੀਆਂ, ਜਿਸ ਕਾਰਨ ਪੂਰੀ ਤਰ੍ਹਾਂ ਨਾਲ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ। ਉਨ੍ਹਾਂ ਦੱਸਿਆ ਕਿ ਇਸ ਮੁਜ਼ਾਹਰੇ ਦੌਰਾਨ ਨਗਰ ਪੰਚਾਇਤ ਖਮਾਣੋਂ ਦਾ ਕੋਈ ਵੀ ਅਧਿਕਾਰੀ ਉਨ੍ਹਾਂ ਕੋਲ ਨਹੀਂ ਪਹੁੰਚਿਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਸਮੱਸਿਆ ਦਾ ਹੱਲ ਨਾ ਕੀਤਾ ਤਾਂ ਇਸ ਖ਼ਿਲਾਫ਼ ਵੱਡਾ ਜਨਤਕ ਸੰਘਰਸ਼ ਸ਼ੁਰੂ ਕੀਤਾ ਜਾਵੇਗਾ।
ਗੰਦੇ ਪਾਣੀ ਦੀ ਸਮੱਸਿਆ ਸਬੰਧੀ ਐੱਸਡੀਐੱਮ ਨੂੰ ਮੰਗ ਪੱਤਰ ਸੌਂਪਿਆ
ਅਮਲੋਹ (ਪੱਤਰ ਪ੍ਰੇਰਕ): ਅਮਲੋਹ-ਬੁੱਗਾ ਸੜਕ ’ਤੇ ਭਾਰਤ ਗੈਸ ਏਜੰਸੀ ਨੇੜੇ ਸੀਵਰੇਜ ਦੇ ਗੰਦੇ ਪਾਣੀ ਦੀ ਸਮੱਸਿਆਂ ਬਾਰੇ ਮੁਹੱਲਾ ਵਾਸੀਆਂ ਨੇ ਉਪ ਮੰਡਲ ਮੈਜਿਸਟ੍ਰੇਟ ਅਮਲੋਹ ਗੁਰਵਿੰਦਰ ਸਿੰਘ ਜੌਹਲ ਨੂੰ ਮੰਗ ਪੱਤਰ ਦੇ ਕੇ ਇਸ ਦੇ ਨਿਕਾਸੀ ਦਾ ਪੱਕਾ ਪ੍ਰਬੰਧ ਕਰਨ ਦੀ ਮੰਗ ਕੀਤੀ ਹੈ। ਮੁਹੱਲਾ ਨਿਵਾਸੀਆਂ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਪਿੰਡ ਅਲਾਦਾਦਪੁਰੇ ਦੀ ਪੰਚਾਇਤ ਵੱਲੋਂ ਪਾਈਪਾਂ ਪਾਉਣ ਲਈ ਮੰਗਵਾਈਆਂ ਹੋਈਆਂ ਹਨ ਪ੍ਰੰਤੂ ਹੁਣ ਤੱਕ ਕੰਮ ਮੁਕੰਮਲ ਨਹੀਂ ਕੀਤਾ ਗਿਆ ਜਦੋਂ ਕਿ ਹੁਣ ਅਮਲੋਹ ਕੌਂਸਲ ਵੱਲੋਂ ਸੀਵਰੇਜ ਦਾ ਪਾਣੀ ਇਸ ਪਾਸੇ ਛੱਡਿਆ ਜਾ ਰਿਹਾ ਹੈ, ਜਿਸ ਕਾਰਨ ਮੁਹੱਲੇ ਵਿਚ ਬਿਮਾਰੀ ਫ਼ੈਲਣ ਦਾ ਵੀ ਖਤਰਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਪਹਿਲਾ ਵੀ ਨਗਰ ਕੌਂਸਲ ਅਮਲੋਹ ਦੇ ਅਧਿਕਾਰੀਆਂ ਅਤੇ ਕੌਂਸਲ ਪ੍ਰਧਾਨ ਦੇ ਮਾਮਲਾ ਧਿਆਨ ਵਿੱਚ ਲਿਆਂਦਾ ਪ੍ਰੰਤੂ ਹੁਣ ਤੱਕ ਹੱਲ ਨਹੀਂ ਹੋਇਆ। ਉਨ੍ਹਾਂ ਤੁਰੰਤ ਇਸ ਮਸਲੇ ਦਾ ਹੱਲ ਕਰਵਾਉਣ ਦੀ ਮੰਗ ਕੀਤੀ। ਸ੍ਰੀ ਜੌਹਲ ਨੇ ਮੁਹੱਲਾ ਨਿਵਾਸੀਆਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ।