ਗਗਨਦੀਪ ਅਰੋੜਾ
ਲੁਧਿਆਣਾ, 22 ਜਨਵਰੀ
ਨੂਰਵਾਲਾ ਰੋਡ ’ਤੇ ਛੇ ਮਹੀਨੇ ਦੀ ਬੱਚੀ ਦੀ ਕਬਰਿਸਤਾਨ ਵਿੱਚ ਦਫ਼ਨਾਈ ਗਈ ਲਾਸ਼ ਚਾਰ ਘੰਟੇ ਬਾਅਦ ਵਕਫ਼ ਬੋਰਡ ਦੇ ਅਧਿਕਾਰੀਆਂ ਨੇ ਬਾਹਰ ਕਢਵਾ ਦਿੱਤੀ। ਅਧਿਕਾਰੀਆਂ ਨੇ ਪਰਿਵਾਰ ਨੂੰ ਬੱਚੀ ਦੀ ਲਾਸ਼ ਕਿਤੇ ਹੋਰ ਦਫ਼ਨਾਉਣ ਲਈ ਆਖਿਆ, ਜਿਸ ’ਤੇ ਪਰਿਵਾਰ ਨੇ ਇਸ ਦਾ ਵਿਰੋਧ ਕੀਤਾ ਪਰ ਬਾਅਦ ਵਿੱਚ ਉਹ ਲਾਸ਼ ਬਾਹਰ ਕੱਢ ਕੇ ਕਿਤੇ ਹੋਰ ਦਫ਼ਨਾਉਣ ਲਈ ਲੈ ਗਏ। ਪੀੜਤ ਪਰਿਵਾਰ ਨੇ ਕਿਹਾ ਕਿ ਇਹ ਕਬਰਿਸਤਾਨ ਮੁਸਲਿਮ ਭਾਈਚਾਰੇ ਨਾਲ ਸਬੰਧਤ ਹੈ ਪਰ ਕੁਝ ਲੋਕ ਇਸ ’ਤੇ ਕਬਜ਼ਾ ਕਰਨਾ ਚਾਹੁੰਦੇ ਹਨ, ਜਿਸ ਤਹਿਤ ਇੱਥੇ ਇੰਤਕਾਲ ਨਹੀਂ ਕਰਨ ਦਿੱਤਾ ਜਾ ਰਿਹਾ।ਪ੍ਰਾਪਤ ਜਾਣਕਾਰੀ ਅਨੁਸਾਰ 2 ਦਿਨ ਪਹਿਲਾਂ ਛੇ ਮਹੀਨੇ ਦੀ ਬੱਚੀ ਦੀ ਮੌਤ ਹੋ ਗਈ ਸੀ, ਜਿਸ ਨੂੰ ਦਫ਼ਨਾਉਣ ਲਈ ਪਰਿਵਾਰ ਦੇ ਮੈਂਬਰ ਨੂਰਵਾਲਾ ਰੋਡ ਸਥਿਤ ਕਬਰਿਸਤਾਨ ਗਏ। ਇਸੇ ਦੌਰਾਨ ਵਕਫ਼ ਬੋਰਡ ਦੇ ਅਧਿਕਾਰੀ ਵੀ ਉੱਥੇ ਪੁੱਜ ਗਏ ਤੇ ਉਨ੍ਹਾਂ ਬੱਚੀ ਦੀ ਲਾਸ਼ ਨੂੰ ਬਾਹਰ ਕੱਢਣ ਦੇ ਹੁਕਮ ਸੁਣਾ ਦਿੱਤੇ। ਕਬਰਿਸਤਾਨ ਦੇ ਪ੍ਰਧਾਨ ਅਬਦੁਲ ਮਲਿਕ ਤਿਆਗੀ ਨੇ ਕਿਹਾ ਕਿ ਇਸ ਕਬਰਿਸਤਾਨ ਵਿੱਚ ਪੰਜ ਦਹਾਕਿਆਂ ਤੋਂ ਕਬਰਾਂ ਬਣੀਆਂ ਹਨ ਪਰ ਵਕਫ਼ ਬੋਰਡ ਦੇ ਅਧਿਕਾਰੀ ਸਸਤੇ ਭਾਅ ਇਹ ਜ਼ਮੀਨ ਲੀਜ਼ ’ਤੇ ਦੇ ਰਹੇ ਹਨ। ਇਸ ਖ਼ਿਲਾਫ਼ ਉਨ੍ਹਾਂ ਅਦਾਲਤ ਵਿੱਚ ਕੇਸ ਕੀਤਾ ਸੀ, ਜਿਸ ਦਾ ਫ਼ੈਸਲਾ ਮੁਸਲਿਮ ਭਾਈਚਾਰੇ ਦੇ ਹੱਕ ਵਿੱਚ ਆਇਆ ਪਰ ਵਕਫ਼ ਬੋਰਡ ਦੇ ਅਧਿਕਾਰੀ ਉਨ੍ਹਾਂ ਨੂੰ ਇੱਥੇ ਅੰਤਿਮ ਰਸਮਾਂ ਨਹੀਂ ਕਰਨ ਦੇ ਰਹੇ। ਹੁਣ ਉਹ ਇਸ ਮਾਮਲੇ ਸਬੰਧੀ ਅਦਾਲਤ ਵਿੱਚ ਜਾਣਗੇ। ਇਸ ਮਾਮਲੇ ’ਚ ਸ਼ਿਕਾਇਤ ਦੇ ਕੇ ਜਾਂਚ ਦੀ ਮੰਗ ਕੀਤੀ ਗਈ ਹੈ।ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਕਿਹਾ ਕਿ ਕਬਰ ਨੂੰ ਪੁੱਟਣਾ ਧਰਮ ਦੇ ਖ਼ਿਲਾਫ਼ ਹੈ। ਅਜਿਹਾ ਕਰਕੇ ਮੁਸਲਮਾਨ ਸਮਾਜ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਇਹ ਬੇਹੱਦ ਸੰਜੀਦਾ ਮਾਮਲਾ ਹੈ। ਉਨ੍ਹਾਂ ਪੁਲੀਸ ਕਮਿਸ਼ਨਰ ਤੋਂ ਮੰਗ ਕੀਤੀ ਕਿ ਜ਼ਿੰਮੇਵਾਰ ਵਿਅਕਤੀਆਂ ਖ਼ਿਲਾਫ਼ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਕੇਸ ਦਰਜ ਕੀਤਾ ਜਾਵੇ।
ਵਕਫ਼ ਬੋਰਡ ਨੇ ਦੋਸ਼ ਨਕਾਰੇ
ਵਕਫ਼ ਬੋਰਡ ਦੇ ਸੂਬਾ ਅਫ਼ਸਰ ਮੁਹੰਮਦ ਆਯੂਬ ਨੇ ਕਿਹਾ ਕਿ ਉਨ੍ਹਾਂ ’ਤੇ ਲਾਏ ਗਏ ਦੋਸ਼ ਝੂਠੇ ਹਨ, ਉਨ੍ਹਾਂ ਉੱਥੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕੀਤੀ ਹੈ। ਉਨ੍ਹਾਂ ਕਿਹਾ ਕਿ ਕਬਰਿਸਤਾਨ ਕਮੇਟੀ ਤੇ ਇੱਕ ਹੋਰ ਵਿਅਕਤੀ ਵਿੱਚ ਝਗੜਾ ਹੋਇਆ ਹੈ ਅਤੇ ਉਹ ਤਾਂ ਉੱਥੇ ਗਏ ਹੀ ਨਹੀਂ ਸੀ।
ਪੁਲੀਸ ਵੱਲੋਂ ਜਾਂਚ ਦਾ ਭਰੋਸਾ
ਥਾਣਾ ਬਸਤੀ ਜੋਧੇਵਾਲ ਦੇ ਐੱਸਐੱਚਓ ਵਿਜੈ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਕੋਲ ਮਾਮਲਾ ਤਾਂ ਆਇਆ ਸੀ ਪਰ ਪਤਾ ਲੱਗਿਆ ਕਿ ਉਹ ਕਿਸੇ ਦਾ ਆਪਸੀ ਝਗੜਾ ਹੈ। ਜਿੱਥੇ ਬੱਚੀ ਨੂੰ ਦਫ਼ਨਾਇਆ ਗਿਆ ਸੀ, ਉਹ ਕਿਸੇ ਹੋਰ ਦੀ ਜਗ੍ਹਾ ਸੀ ਅਤੇ ਉਸ ਵਿਅਕਤੀ ਨੇ ਆ ਕੇ ਲਾਸ਼ ਨਾ ਦਫ਼ਨਾਉਣ ਦੀ ਗੱਲ ਕੀਤੀ ਸੀ। ਇਸ ਮਗਰੋਂ ਬੱਚੀ ਦੇ ਪਰਿਵਾਰ ਵਾਲੇ ਲਾਸ਼ ਲੈ ਕੇ ਉੱਥੋਂ ਚਲੇ ਗਏ। ਉਨ੍ਹਾਂ ਕਿਹਾ ਕਿ ਬੱਚੀ ਦੇ ਪਰਿਵਾਰ ਵਾਲੇ ਹਾਲੇ ਤੱਕ ਪੁਲੀਸ ਕੋਲ ਨਹੀਂ ਆਏ, ਜੇਕਰ ਆਉਣਗੇ ਤਾਂ ਜਾਂਚ ਕੀਤੀ ਜਾਵੇਗੀ।