ਜੋਗਿੰਦਰ ਸਿੰਘ ਮਾਨ/ ਜੀਵਨ ਕ੍ਰਾਂਤੀ
ਮਾਨਸਾ/ ਝੁਨੀਰ, 27 ਨਵੰਬਰ
ਦਿੱਲੀ ਚੱਲੋ ਪ੍ਰੋਗਰਾਮ ਮੋਰਚੇ ਦੌਰਾਨ ਸੜਕ ਹਾਦਸੇ ਵਿਚ ਮਾਨਸਾ ਜ਼ਿਲ੍ਹੇ ਕਿਸਾਨ ਦੀ ਮੌਤ ਹੋ ਗਈ, ਜਦੋਂ ਕਿ ਇਕ ਹੋਰ ਕਿਸਾਨ ਬਲਜਿੰਦਰ ਸਿੰਘ ਜ਼ਖ਼ਮੀ ਹੋ ਗਿਆ। ਇਹ ਕਿਸਾਨ ਮਾਨਸਾ ਜ਼ਿਲ੍ਹੇ ਦੇ ਪਿੰਡ ਚਹਿਲਾਂ ਵਾਲੀ ਦੇ ਵਸਨੀਕ ਹਨ ਅਤੇ ਜਿਹੜੀ ਟਰਾਲੀ ਨਾਲ ਹਾਦਸਾ ਵਾਪਰਿਆ ਹੈ ਉਹ ਵੀ ਇਸੇ ਪਿੰਡ ਚਹਿਲਾਂ ਵਾਲੀ ਖ਼ਿਆਲੀ ਦੇ ਗੋਰਾ ਸਿੰਘ ਦੀ ਹੈ, ਜਿਸ ਦਾ ਕਾਫੀ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਮੰਜੇ ’ਤੇ ਦੇਹ ਰੱਖ ਕੇ ਸੜਕ ’ਤੇ ਧਰਨਾ ਲਗਾ ਦਿੱਤਾ ਹੈ।
ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ ) ਦੇ ਮਾਨਸਾ ਬਲਾਕ ਇਕਾਈ ਦੇ ਪ੍ਰਧਾਨ ਬਲਵਿੰਦਰ ਸਿੰਘ ਸ਼ਰਮਾ ਨੇ ਦੱਸਿਆ ਕਿ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਣ ਲਈ ਹਰਿਆਣਾ ਪ੍ਰਸ਼ਾਸਨ ਵੱਲੋਂ ਵੱਡੇ ਵੱਡੇ ਪੱਥਰ ਸੁੱਟੇ ਗਏ ਸਨ ਅਤੇ ਭਿਵਾਨੀ ਨੇੜੇ ਪਿੰਡ ਮੁੰਡਾਲ ਵਿਚ ਕਿਸਾਨ ਇਨ੍ਹਾਂ ਪੱਥਰਾਂ ਨੂੰ ਰਸਤੇ ਵਿੱਚੋਂ ਹਟਾ ਰਹੇ ਸਨ ਤਾਂ ਪਿੱਛੋਂ ਆਏ ਟਰਾਲੇ ਨੇ ਉਨ੍ਹਾਂ ਦੀ ਟਰਾਲੀ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਧੰਨਾ ਸਿੰਘ ਚਾਹਲ (40) ਵਾਸੀ ਪਿੰਡ ਚਹਿਲਾਂ ਵਾਲੀ ਦੀ ਮੌਤ ਹੋ ਗਈ, ਜਦਕਿ ਬਲਜਿੰਦਰ ਸਿੰਘ ਵਾਸੀ ਚਹਿਲਾਂਵਾਲੀ ਜ਼ਖ਼ਮੀ ਹੋ ਗਿਆ, ਜਿਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਇਸੇ ਦੌਰਾਨ ਪਿੰਡ ਚਹਿਲਾਂ ਵਾਲੀ ਦੇ ਸਮਾਜ ਸੇਵੀ ਅਤੇ ਅਧਿਆਪਕ ਆਗੂ ਗੁਰਪਾਲ ਸਿੰਘ ਚਾਹਲ ਨੇ ਦੱਸਿਆ ਕਿ ਧੰਨਾ ਸਿੰਘ ਚਾਹਲ ਨੇਕ ਸੁਭਾਅ ਦਾ ਸ਼ਰੀਫ਼ ਕਿਸਾਨ ਸੀ ਅਤੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਸੀ। ਉਨ੍ਹਾਂ ਦੱਸਿਆ ਕਿ ਉਹ ਆਪਣੇ ਪਿਛੇ ਪਤਨੀ ਤੋਂ ਇਲਾਵਾ ਇੱਕ ਬੇਟੀ ਅਤੇ ਇੱਕ ਬੇਟਾ ਛੱਡ ਗਿਆ ਹੈ, ਜਦੋਂਕਿ ਉਹ ਸਿਰਫ ਦੋ ਏਕੜ ਜ਼ਮੀਨ ਦਾ ਹੀ ਮਾਲਕ ਸੀ। ਉਨ੍ਹਾਂ ਸ਼ਹੀਦ ਹੋਏ ਕਿਸਾਨ, ਜ਼ਖ਼ਮੀ ਕਿਸਾਨ ਅਤੇ ਨੁਕਸਾਨੇ ਟਰੈਕਟਰ ਦਾ ਤੁਰੰਤ ਮੁਆਵਜ਼ਾ ਦੇਣ ਦੀ ਪੰਜਾਬ ਅਤੇ ਹਰਿਆਣਾ ਸਰਕਾਰ ਤੋਂ ਮੰਗ ਕੀਤੀ। ਇਸੇ ਦੌਰਾਨ ਹੀ ਜਥੇਬੰਦੀ ਦੇ ਆਗੂ ਬਲਵਿੰਦਰ ਸਿੰਘ ਸ਼ਰਮਾ ਨੇ ਦੱਸਿਆ ਕਿ ਇਸ ਕਿਸਾਨ ਧੰਨਾ ਸਿੰਘ ਚਾਹਲ ਨੂੰ 31 ਕਿਸਾਨ ਜਥੇਬੰਦੀਆਂ ਨੇ ਦਿੱਲੀ ਚਲੋ ਅੰਦੋਲਨ ਦਾ ਪਹਿਲਾ ਸ਼ਹੀਦ ਕਰਾਰ ਦਿੱਤਾ ਗਿਆ ਹੈ ਅਤੇ ਉਸ ਦੇ ਲਈ 20 ਲੱਖ ਰੁਪਏ, ਪਰਿਵਾਰ ਇੱਕ ਜੀ ਨੂੰ ਸਰਕਾਰੀ ਨੌਕਰੀ, ਅਤੇ ਸਾਰਾ ਸਰਕਾਰੀ ਅਤੇ ਪ੍ਰਾਈਵੇਟ ਕਰਜ਼ੇ ਉਪਰ ਲਕੀਰ ਮਾਰਨ ਦੀ ਮੰਗ ਕੀਤੀ ਗਈ ਹੈ। ਇਹ ਵੀ ਪਤਾ ਲੱਗਿਆ ਹੈ ਕਿ ਜਥੇਬੰਦੀਆਂ ਨੇ ਕੁਝ ਕਿਸਾਨਾਂ ਨੂੰ ਉਥੇ ਛੱਡ ਕੇ ਬਾਕੀਆਂ ਨੇ ਦਿੱਲੀ ਵੱਲ ਵਹੀਰਾਂ ਘੱਤ ਦਿੱਤੀਆਂ ਗਈਆਂ ਹਨ ਅਤੇ ਉਥੇ ਮੁੰਡਾਲ ਵਿਖੇ ਰਹਿ ਗਏ ਕਿਸਾਨਾਂ ਨੇ ਸੜਕ ਉੱਤੇ ਧਰਨਾ ਮਾਰ ਦਿੱਤਾ ਗਿਆ ਹੈ ਅਤੇ ਮੁਆਵਜ਼ੇ ਦੀ ਮੰਗ ਪੂਰੀ ਹੋਣ ਮਗਰੋਂ ਹੀ ਸਸਕਾਰ ਕਰਨ ਦਾ ਪਰਿਵਾਰ ਦੀ ਸਹਿਮਤੀ ਨਾਲ ਐਲਾਨ ਕੀਤਾ ਹੈ।