ਗੁਰਦੀਪ ਸਿੰਘ ਲਾਲੀ/ਏਜੰਸੀ
ਸੰਗਰੂਰ/ਚੰਡੀਗੜ੍ਹ, 23 ਜੂਨ
ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲੋਈ ਵੋਟਿੰਗ ਦਾ ਅਮਲ ਅੱਜ ਅਮਨ-ਅਮਾਨ ਨਾਲ ਸਿਰੇ ਚੜ੍ਹ ਗਿਆ। ਵੋਟਾਂ ਪੈਣ ਦੀ ਰਫ਼ਤਾਰ ਹਾਲਾਂਕਿ ਬਹੁਤ ਮੱਠੀ ਰਹੀ। ਕਈ ਪੋਲਿੰਗ ਸਟੇਸ਼ਨਾਂ ’ਤੇ ਚੁੱਪ ਪੱਸਰੀ ਰਹੀ। ਜ਼ਿਮਨੀ ਚੋਣ ਲਈ 37 ਫੀਸਦ ਤੋਂ ਥੋੜ੍ਹੀ ਵੱਧ ਵੋਟਾਂ ਪੈਣ ਦੀਆਂ ਰਿਪੋਰਟਾਂ ਹਨ। ਪੋਲਿੰਗ ਮੁਕੰਮਲ ਹੋਣ ਮਗਰੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਕਮਲਦੀਪ ਕੌਰ ਰਾਜੋਆਣਾ, ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ ਘਰਾਚੋਂ, ਭਾਜਪਾ ਦੇ ਕੇਵਲ ਸਿੰਘ ਢਿੱਲੋਂ ਅਤੇ ਕਾਂਗਰਸ ਪਾਰਟੀ ਦੇ ਦਲਵੀਰ ਸਿੰਘ ਗੋਲਡੀ ਸਣੇ ਕੁੱਲ 16 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਵੋਟਿੰਗ ਮਸ਼ੀਨਾਂ ਵਿਚ ਬੰਦ ਹੋ ਗਿਆ। ਸਾਲ 2019 ਦੀਆਂ ਲੋਕ ਸਭਾ ਚੋਣਾਂ ਮੌਕੇ ਸੰਗਰੂਰ ਸੰਸਦੀ ਹਲਕੇ ਵਿੱਚ 72.44 ਫੀਸਦ ਪੋਲਿੰਗ ਰਿਕਾਰਡ ਕੀਤੀ ਗਈ ਸੀ। ਪੋਲਿੰਗ ਦਾ ਅਮਲ ਅੱਜ ਸਵੇਰੇ 8 ਵਜੇ ਸ਼ੁਰੂ ਹੋਇਆ ਤੇ ਸ਼ਾਮ 6 ਵਜੇ ਤੱਕ ਜਾਰੀ ਰਿਹਾ। ਵੋਟਿੰਗ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਸਨ। ਵੋਟਿੰਗ ਲਈ ਲੋਕਾਂ ਵਿਚ ਕਿਤੇ ਵੀ ਉਤਸ਼ਾਹ ਨਜ਼ਰ ਨਹੀਂ ਆਇਆ। ਵੋਟਿੰਗ ਲਈ ਲੋਕਾਂ ਵਿਚ ਉਤਸ਼ਾਹ ਘੱਟ ਹੋਣ ਦਾ ਕਾਰਨ ਝੋਨੇ ਦੀ ਲਵਾਈ ਪੂਰੇ ਸਿਖ਼ਰ ’ਤੇ ਹੋਣਾ ਮੰਨਿਆ ਜਾ ਰਿਹਾ ਹੈ। ਬਾਅਦ ਦੁਪਿਹਰ 3 ਵਜੇ ਤੱਕ ਸਿਰਫ਼ 29.7 ਫੀਸਦੀ ਵੋਟਿੰਗ ਹੋਈ ਸੀ। ਵੋਟਰਾਂ ਦੇ ਰੁਝਾਨ ਤੋਂ ਵੋਟਿੰਗ ਫੀਸਦੀ ਘੱਟ ਰਹਿਣ ਦੇ ਆਸਾਰ ਨਜ਼ਰ ਆ ਰਹੇ ਸਨ। ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਲਈ ਸੰਗਰੂਰ, ਬਰਨਾਲਾ ਅਤੇ ਮਾਲੇਰਕੋਟਲਾ ਜ਼ਿਲ੍ਹਿਆਂ ਦੇ 1766 ਪੋਲਿੰਗ ਸਟੇਸ਼ਨਾਂ ‘ਤੇ ਪੋਲਿੰਗ ਹੋਈ। ਵੋਟਰਾਂ ਸ਼ਾਂਤਮਈ ਢੰਗ ਨਾਲ ਵੋਟਾਂ ਪਾਈਆਂ ਅਤੇ ਕਿਧਰੋਂ ਵੀ ਕਿਸੇ ਅਣਸੁਖਾਂਵੀ ਘਟਨਾ ਦੀ ਰਿਪੋਰਟ ਨਹੀਂ ਮਿਲੀ।