ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਮਾਰਚ
ਸੰਸਦ ਮੈਂਬਰ ਭਗਵੰਤ ਮਾਨ ਨੇ ਕੇਂਦਰ ਸਰਕਾਰ ਤੋਂ ਯੂਕਰੇਨ ’ਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਜਲਦੀ ਤੋਂ ਭਾਰਤ ਲਿਆਉਣ ਦੀ ਮੰਗ ਕੀਤੀ ਹੈ। ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਦੀ ਪ੍ਰਕਿਰਿਆ ਦੇਰੀ ਨਾਲ ਸ਼ੁਰੂ ਕੀਤੀ ਗਈ ਹੈ। ਹੁਣ ਭਾਰਤੀ ਵਿਦਿਆਰਥੀਆਂ ਦਾ ਜ਼ਿਆਦਾ ਦਿਨਾਂ ਤੱਕ ਯੂਕਰੇਨ ਵਿਚ ਰਹਿਣਾ ਜੋਖਮ ਭਰਿਆ ਹੋਵੇਗਾ ਕਿਉਂਕਿ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ (ਯੂਐੱਨਐੱਸਸੀ) ਵਿਚ ਭਾਰਤ ਦੇ ਰੁਖ਼ ਦਾ ਸਿੱਧਾ ਅਸਰ ਯੂਕਰੇਨ ਵਿਚ ਫਸੇ ਭਾਰਤੀ ਵਿਦਿਆਰਥੀਆਂ ’ਤੇ ਪੈ ਰਿਹਾ ਹੈ।
ਮਾਨ ਅਨੁਸਾਰ ਅੱਜ ਜਾਰੀ ਕੀਤੀ ਗਈ ਐਡਵਾਇਜ਼ਰੀ ਵਿੱਚ ਭਾਰਤ ਸਰਕਾਰ ਨੇ ਵਿਦਿਆਰਥੀਆਂ ਨੂੰ ਜਲਦੀ ਕੀਵ ਛੱਡਣ ਲਈ ਕਿਹਾ ਹੈ ਪਰ ਸਰਹੱਦਾਂ ਤੱਕ ਵਿਦਿਆਰਥੀਆਂ ਨੂੰ ਪਹੁੰਚਾਉਣ ਲਈ ਨਾ ਸਾਧਨ ਮੁਹੱਈਆ ਕੀਤੇ ਗਏ ਅਤੇ ਨਾ ਹੀ ਕੋਈ ਉਪਾਅ ਦੱਸਿਆ ਗਿਆ ਹੈ। ਯੂਕਰੇਨ ਦੇ ਪੂਰਬੀ ਹਿੱਸਿਆਂ ਵਿਚ ਭਾਰੀ ਗੋਲੀਬਾਰੀ ਹੋ ਰਹੀ ਹੈ ਪਰ ਕੇਂਦਰ ਸਰਕਾਰ ਵਿਦਿਆਰਥੀਆਂ ਨੂੰ ਉਥੋਂ ਕੱਢਣ ਦਾ ਕੋਈ ਠੋਸ ਰਸਤਾ ਨਹੀਂ ਦੱਸ ਰਹੀ। ਜਿਵੇਂ ਜਿਵੇਂ ਸਮਾਂ ਬੀਤਦਾ ਜਾ ਰਿਹਾ ਹੈ, ਉਥੇ ਫਸੇ ਵਿਦਿਆਰਥੀਆਂ ਦੇ ਮਾਪਿਆਂ ਦੀ ਚਿੰਤਾ ਵਧਦੀ ਜਾ ਰਹੀ ਹੈ। ਮਾਨ ਨੇ ਕਿਹਾ ਕਿ ਜੇ ਆਪਣੇ ਨੌਜਵਾਨਾਂ ਅਤੇ ਦੇਸ਼ ਦਾ ਭਵਿੱਖ ਬਚਾਉਣਾ ਹੈ ਤਾਂ ਕੇਂਦਰ ਤੇ ਰਾਜ ਸਰਕਾਰਾਂ ਨੂੰ ਇਸ ਮਾਮਲੇ ਵਿਚ ਗੰਭੀਰ ਹੋਣ ਦੀ ਜ਼ਰੂਰਤ ਹੈ। ਸਿੱਖਿਆ ਪ੍ਰਬੰਧ ਦੀ ਹਾਲਤ ਸੁਧਾਰਨ ਲਈ ਹਰ ਹਾਲ ਵਿੱਚ ਸਿੱਖਿਆ ਮਾਫੀਆ ’ਤੇ ਕਾਬੂ ਪਾਉਣਾ ਪਵੇਗਾ ਤੇ ਸਰਕਾਰੀ ਸਿੱਖਿਆ ਸੰਸਥਾਵਾਂ ਨੂੰ ਪ੍ਰਫੁੱਲਤ ਕਰਨਾ ਪਵੇਗਾ।