ਦਵਿੰਦਰ ਪਾਲ
ਚੰਡੀਗੜ੍ਹ, 30 ਜੁਲਾਈ
ਪੰਜਾਬ ਦੇ ਸੰਘਰਸ਼ੀ ਅਖਾੜਿਆਂ ਤੋਂ ਅੱਜ ਕਿਸਾਨਾਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਮੁਹਿੰਮ ਜਾਰੀ ਰੱਖਦਿਆਂ ਪੰਜਾਬ ਸਰਕਾਰ ਨਾਲ ਆਢਾ ਲਾਈ ਬੈਠੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਹੱਕ ’ਚ ਵੀ ਹਾਅ ਦਾ ਨਾਅਰਾ ਮਾਰਿਆ ਹੈ। ਸੂਬੇ ਵਿੱਚ 32 ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਨਾਲ ਸਬੰਧਤ ਨੇਤਾਵਾਂ, ਰੇਲਵੇ ਸਟੇਸ਼ਨਾਂ ਦੇ ਪਾਰਕਾਂ, ਟੌਲ ਪਲਾਜ਼ਿਆਂ, ਅੰਬਾਨੀ ਅਤੇ ਅਡਾਨੀ ਟਿਕਾਣਿਆਂ, ਪੈਟਰੋਲ ਪੰਪਾਂ ਆਦਿ ਸਵਾ ਸੌ ਤੋਂ ਵੱਧ ਥਾਵਾਂ ’ਤੇ ਚੱਲ ਰਹੇ ਧਰਨਿਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਪੰਜਾਬ ਪੁਲੀਸ ਵੱਲੋਂ ਪਟਿਆਲਾ ਵਿੱਚ ਮੁਲਾਜ਼ਮਾਂ ਤੇ ਪੈਨਸ਼ਨਰਾਂ ’ਤੇ ਲਾਠੀਚਾਰਜ ਕਰਨ ਅਤੇ ਖਿੱਚ-ਧੂਹ ਕਰਕੇ ਬੇਇੱਜ਼ਤ ਕਰਨ ਦੀ ਕਾਰਵਾਈ ਦੀ ਸਖਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰਾਂ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਸਮੇਤ ਸਮਾਜ ਦੇ ਵੱਖ ਵੱਖ ਵਰਗਾਂ ਦੀਆਂ ਮੰਗਾਂ ਪ੍ਰਤੀ ਘੇਸਲ ਵੱਟ ਰੱਖੀ ਹੈ। ਆਗੂਆਂ ਨੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਤੁਰੰਤ ਮੰਨੇ ਜਾਣ ਦੀ ਮੰਗ ਕੀਤੀ। ਸਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਸਿਰੇ ਦੀ ਢੀਠ ਹੀ ਨਹੀਂ, ਸਗੋਂ ਵਾਅਦਾਖਿਲਾਫੀ ’ਚ ਵੀ ਇਤਿਹਾਸ ਸਿਰਜ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਕੇਂਦਰ ਸਰਕਾਰ ਦੇ ਸੀਨੀਅਰ ਮੰਤਰੀਆਂ ਪਿਯੂਸ਼ ਗੋਇਲ, ਨਰਿੰਦਰ ਤੋਮਰ ਅਤੇ ਹੋਰਨਾਂ ਨਾਲ ਹੋਈ 11 ਗੇੜ ਦੀ ਗੱਲਬਾਤ ਦੌਰਾਨ ਸਰਕਾਰ ਨੇ ਵਾਅਦਾ ਕੀਤਾ ਸੀ ਕਿ ‘ਬਿਜਲੀ ਸੋਧ ਬਿੱਲ’ ਤੇ ‘ਪਰਾਲੀ ਸਾੜਨ ਸਬੰਧੀ ਬਿੱਲ’ ਵਾਪਸ ਲੈ ਲਿਆ ਜਾਵੇਗਾ। ਆਗੂਆਂ ਨੇ ਕਿਹਾ ਕਿ ਇਹ ਉਸੇ ਤਰ੍ਹਾਂ ਦਾ ਧੋਖਾ ਹੈ, ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2014 ਤੋਂ ਪਹਿਲਾਂ ਡਾ. ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨ, ਨੋਟਬੰਦੀ ਰਾਹੀਂ ਕਾਲਾ ਧਨ ਵਾਪਸ ਲਿਆਉਣ, ਜੀਐੱਸਟੀ ਲਾਗੂ
ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ‘ਕਿਸਾਨ ਸੰਸਦ’ ਜਾਰੀ
ਗੁਰੂਸਰ ਸੁਧਾਰ (ਸੰਤੋਖ ਗਿੱਲ): ਖੇਤੀ ਕਾਨੂੰਨਾਂ ਖ਼ਿਲਾਫ਼ ਸੰਯੁਕਤ ਕਿਸਾਨ ਮੋਰਚੇ ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ਕਿਲ੍ਹਾ ਰਾਏਪੁਰ ਵਿੱਚ ਅਡਾਨੀਆਂ ਦੀ ਖ਼ੁਸ਼ਕ ਬੰਦਰਗਾਹ ਸਾਹਮਣੇ ਪੱਕੇ ਮੋਰਚੇ ਦੌਰਾਨ ਅੱਜ ਵੀ ਜੰਤਰ-ਮੰਤਰ ਦੀ ਤਰਜ਼ ’ਤੇ ‘ਕਿਸਾਨ ਸੰਸਦ’ ਜਾਰੀ ਰਹੀ। ਸੰਸਦ ਦੀ ਸ਼ੁਰੂਆਤ ਵਿੱਚ ਸਪੀਕਰ ਮਹਿੰਦਰ ਕੌਰ ਅਤੇ ਡਿਪਟੀ ਸਪੀਕਰ ਅਮਨਦੀਪ ਕੌਰ ਨੂੰ ਚੁਣਿਆ ਗਿਆ। ਇਸ ਮੌਕੇ ਪਰਮਜੀਤ ਕੌਰ ਕਿਲ੍ਹਾ ਰਾਏਪੁਰ, ਰਘਵੀਰ ਸਿੰਘ ਬੈਨੀਪਾਲ, ਅਮਰਜੀਤ ਸਿੰਘ ਸਹਿਜਾਦ ਅਤੇ ਅਮਰੀਕ ਸਿੰਘ ਜੜਤੌਲੀ ਨੇ ਬਹਿਸ ਵਿੱਚ ਭਾਗ ਲੈਂਦਿਆਂ ਕਿਹਾ ਕਿ ਮੋਦੀ ਸਰਕਾਰ ਵਿਵਾਦਿਤ ਖੇਤੀ ਕਾਨੂੰਨ ਲਾਗੂ ਕਰ ਕੇ ਦੇਸ਼ ਦੀ ਪੂੰਜੀ ਅਤੇ ਸਾਰੇ ਵਸੀਲੇ ਪੂੁੰਜੀਪਤੀ ਘਰਾਣਿਆਂ ਨੂੰ ਲੁਟਾਉਣਾ ਚਾਹੁੰਦੀ ਹੈ, ਜਿਸ ਨੂੰ ਲੋਕ ਬਰਦਾਸ਼ਤ ਨਹੀਂ ਕਰਨਗੇ। ਆਗੂਆਂ ਨੇ ਕਿਹਾ ਕਿ ਜਿਵੇਂ ਅਡਾਨੀਆਂ ਨੇ ਕਿਲ੍ਹਾ ਰਾਏਪੁਰ ਵਿੱਚ ਖ਼ੁਸ਼ਕ ਬੰਦਰਗਾਹ ਤੋਂ ਆਪਣਾ ਨਾਮ ਮਿਟਾ ਲਿਆ ਹੈ, ਉਸੇ ਤਰ੍ਹਾਂ ਪੂੰਜੀਪਤੀ ਘਰਾਣਿਆਂ ਅਤੇ ਭਾਜਪਾ ਦਾ ਨਾਮ ਵੀ ਦੇਸ਼ ਵਿੱਚੋਂ ਨਹੀਂ ਲੱਭਣਾ।