ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 6 ਨਵੰਬਰ
ਗੁਰਦੁਆਰਾ ਨਨਕਾਣਾ ਸਾਹਿਬ ਵਿੱਚ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਵੱਖ-ਵੱਖ ਮੁਲਕਾਂ ਤੋਂ ਆਉਣ ਵਾਲੀ ਸੰਗਤ ਵਾਸਤੇ ਕੀਤੇ ਗਏ ਪ੍ਰਬੰਧਾਂ ਦਾ ਅੱਜ ਈਟੀਪੀਬੀ ਅਧਿਕਾਰੀਆਂ ਅਤੇ ਪੀਐੱਸਜੀਪੀਸੀ ਦੇ ਆਗੂਆਂ ਨੇ ਜਾਇਜ਼ਾ ਲਿਆ। ਇਸ ਸਬੰਧੀ ਉਨ੍ਹਾਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਦਾ ਦੌਰਾ ਕੀਤਾ। ਇਸ ਮੌਕੇ ਅਧਿਕਾਰੀਆਂ ਨੇ ਉੱਥੇ ਚੱਲ ਰਹੀ ਮੁਰੰਮਤ ਅਤੇ ਹੋਰ ਕੰਮਾਂ ਨੂੰ 10 ਨਵੰਬਰ ਤੱਕ ਮੁਕੰਮਲ ਕਰਨ ਦੇ ਹੁਕਮ ਦਿੱਤੇ।
ਜ਼ਿਕਰਯੋਗ ਹੈ ਕਿ ਪ੍ਰਕਾਸ਼ ਪੁਰਬ ਦੇ ਪ੍ਰਬੰਧਾਂ ਸਬੰਧੀ ਈਟੀਪੀਬੀ ਅਧਿਕਾਰੀਆਂ ਅਤੇ ਪੀਐੱਸਜੀਪੀਸੀ ਆਗੂਆਂ ਵਿਚਾਲੇ ਬੀਤੇ ਦਿਨ ਇਕ ਮੀਟਿੰਗ ਹੋਈ ਸੀ, ਜਿਸ ਵਿਚ ਹੁਣ ਤਕ ਕੀਤੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ ਸੀ। ਇਸੇ ਤਹਿਤ ਹੀ ਅੱਜ ਈਟੀਪੀਬੀ ਸਣੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਨੇ ਨਨਕਾਣਾ ਸਾਹਿਬ ਦਾ ਦੌਰਾ ਕਰਕੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ। ਗੁਰਦੁਆਰਾ ਸਾਹਿਬ ਵਿਚ ਇਮਾਰਤੀ ਮੁਰੰਮਤ, ਰੰਗ ਅਤੇ ਸਫਾਈ ਦੇ ਕੰਮ ਚੱਲ ਰਹੇ ਹਨ, ਜਿਨ੍ਹਾਂ ਨੂੰ 10 ਨਵੰਬਰ ਤੱਕ ਮੁਕੰਮਲ ਕਰਨ ਦੇ ਹੁਕਮ ਦਿੱਤੇ ਗਏ ਹਨ। ਇਹ ਕੰਮ ਮੁਕੰਮਲ ਕਰਨ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਵਾਧੂ ਕਰਮਚਾਰੀ ਲਾ ਕੇ ਕੰਮ ਨੂੰ ਤਰਜੀਹੀ ਤੌਰ ’ਤੇ ਮੁਕੰਮਲ ਕੀਤਾ ਜਾਵੇ। ਇਸ ਦੌਰਾਨ ਈਟੀਪੀਬੀ ਅਧਿਕਾਰੀਆਂ ਨਾਲ ਆਏ ਪੀਐੱਸਜੀਪੀਸੀ ਦੇ ਪ੍ਰਧਾਨ ਅਮੀਰ ਸਿੰਘ ਤੇ ਹੋਰ ਮੈਂਬਰਾਂ ਨੇ ਸੰਗਤ ਦੀ ਰਿਹਾਇਸ਼, ਲੰਗਰ ਤੇ ਹੋਰ ਸਹੂਲਤਾਂ ਲਈ ਕੀਤੇ ਗਏ ਪ੍ਰਬੰਧਾਂ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਪ੍ਰਕਾਸ਼ ਪੁਰਬ ਮਨਾਉਣ ਸਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਲਈ ਧਾਰਮਿਕ ਮਾਮਲਿਆਂ ਬਾਰੇ ਮੰਤਰੀ ਡਾ. ਨੂਰ ਉੱਲ ਹੱਕ ਕਾਦਰੀ ਅਤੇ ਈਟੀਪੀਬੀ ਚੇਅਰਮੈਨ ਡਾ. ਆਮਿਰ ਅਹਿਮਦ ਦਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਗੁਰਪੁਰਬ ਮਨਾਉਣ ਲਈ ਦਸ ਦਿਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ, ਜਿਸ ਤਹਿਤ ਯਾਤਰੀ 17 ਨਵੰਬਰ ਨੂੰ ਆਉਣਗੇ ਅਤੇ 27 ਨਵੰਬਰ ਨੂੰ ਵਾਪਸ ਪਰਤਣਗੇ। ਇਸ ਦੌਰਾਨ 19 ਨਵੰਬਰ ਨੂੰ ਨਨਕਾਣਾ ਸਾਹਿਬ ਵਿੱਚ ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ।