ਸਰਬਜੀਤ ਸਿੰਘ ਭੰਗੂ
ਪਟਿਆਲਾ, 23 ਨਵੰਬਰ
ਪੰਜਾਬ ਵਿਧਾਨ ਸਭਾ ਵੱਲੋਂ ਵਿਭਾਗਾਂ ਨੂੰ ਜਾਰੀ ਕੀਤੇ ਜਾਂਦੇ ਫੰਡਾਂ ਦੀ ਸਹੀ ਅਤੇ ਸੁਚੱਜੀ ਵਰਤੋਂ ਯਕੀਨੀ ਬਣਾਉਣ ਦੇ ਮਨੋਰਥ ਨਾਲ ਬਣਾਈ ਗਈ ‘ਪੰਜਾਬ ਵਿਧਾਨ ਸਭਾ ਦੀ ਅਨੁਮਾਨ ਕਮੇਟੀ’ ਵੱਲੋਂ ਅੱਜ ਇੱਥੇ ਬਹਾਦਰਗੜ੍ਹ ਵਿੱਚ ਸਥਿਤ ਕਮਾਂਡੋ ਬਟਾਲੀਅਨ ਸੈਂਟਰ ਦਾ ਦੌਰਾ ਕੀਤਾ ਗਿਆ।
ਕਮੇਟੀ ਦੇ ਚੇਅਰਮੈਨ ਅਤੇ ਹਲਕਾ ਰਾਜਪੁਰਾ ਦੇ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਹੇਠ ਆਏ ਕਮੇਟੀ ਮੈਂਬਰਾਂ ਵਿਧਾਇਕ ਮਦਨ ਲਾਲ ਜਲਾਲਪੁਰ, ਨਿਰਮਲ ਸਿੰਘ, ਨਵਤੇਜ ਸਿੰਘ ਚੀਮਾ, ਸੰਤੋਖ ਸੰਘ ਭਲਾਈਪੁਰ ਅਤੇ ਸੁਖਪਾਲ ਸਿੰਘ ਭੁੱਲਰ ਨੇ ਕਮਾਂਡੋ ਬਟਾਲੀਅਨਾਂ ਦੇ ਕਮਾਂਡੈਂਟਜ਼ ਅਤੇ ਟਰੇਨਿੰਗ ਸੈਂਟਰ ਦੇ ਕਮਾਡੈਂਟ ਨਾਲ ਕਈ ਨੁਕਤਿਆਂ ’ਤੇ ਗੱਲਬਾਤ ਕਰਦਿਆਂ ਸੁਝਾਅ ਦਿੱਤੇ। ਕਮੇਟੀ ਵੱਲੋਂ ਸਪੈਸ਼ਲ ਅਪਰੇਸ਼ਨ ਗਰੁੱਪ (ਐੱਸਓਜੀ) ਦੇ ਕੰਮ ਕਰਨ ਦੇ ਢੰਗ ਦੀ ਵੀਡੀਓ ਵੀ ਦੇਖੀ ਗਈ। ਮੀਟਿੰਗ ਮਗਰੋਂ ਚੇਅਰਮੈਨ ਹਰਦਿਆਲ ਕੰਬੋਜ ਨੇ ਦੱਸਿਆ ਕਿ ਇਸ ਕਮੇਟੀ ਵੱਲੋਂ ਕੀਤੇ ਗਏ ਨਿਰੀਖਣ ਦੀ ਰਿਪੋਰਟ ਵਿਧਾਨ ਸਭਾ ’ਚ ਪੇਸ਼ ਕੀਤੀ ਜਾਵੇਗੀ।
ਚੇਅਰਮੈਨ ਨੇ ਕਿਹਾ ਕਿ ਅਨੁਮਾਨ ਕਮੇਟੀ ਵੱਲੋਂ ਬਟਾਲੀਅਨਾਂ ਦੇ ਕੰਮ ਦਾ ਬਾਰੀਕੀ ਨਾਲ ਨਿਰੀਖਣ ਕਰਕੇ ਇਨ੍ਹਾਂ ਵੱਲੋਂ ਦੱਸੀਆਂ ਗਈਆਂ ਸਮੱਸਿਆਵਾਂ ਨੂੰ ਨੋਟ ਕੀਤਾ ਗਿਆ ਹੈ। ਇਹ ਬਹੁਤ ਜ਼ਰੂਰੀ ਹੈ ਕਿ ਦੇਸ਼ ਦੀ ਰੱਖਿਆ ਕਰਨ ਵਾਲਿਆਂ ਨੂੰ ਹਰੇਕ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਈ ਜਾ ਸਕੇ। ਇਸ ਸਬੰਧੀ ਕਮੇਟੀ ਵੱਲੋਂ ਜਲਦੀ ਹੀ ਰਿਪੋਰਟ ਤਿਆਰ ਕੀਤੀ ਜਾਵੇਗੀ। ਮੀਟਿੰਗ ਵਿੱਚ ਵਿਸ਼ੇਸ਼ ਸਕੱਤਰ ਦਵਿੰਦਰ ਸਿੰਘ, ਏਡੀਜੀ ਡਾ. ਨਰੇਸ਼ ਕੁਮਾਰ ਅਰੋੜਾ, ਏਡੀਜੀਪੀ ਜਤਿੰਦਰ ਜੈਨ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।