ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 5 ਜਨਵਰੀ
ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਣੇ ਕਸ਼ਮੀਰ ਸਿੰਘ ਸੰਘਾ ਦੀਆਂ ਮਹਿਲਾ ਮਿੱਤਰ ਨਾਲ ਵੱਖ-ਵੱਖ ਆਡੀਓ ਵਇਰਲ ਹੋਣ ਮਗਰੋਂ ਹਲਕੇ ਵਿੱਚ ਨਮੋਸ਼ੀ ਦਾ ਸਾਹਮਣਾ ਕਰ ਰਹੇ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਅੱਜ ਭਰੀ ਰੈਲੀ ਵਿੱਚ ਸੰਘਾ ਨੂੰ ਪਛਾਨਣ ਤੋਂ ਕੋਰੀ ਨਾਂਹ ਕਰ ਦਿੱਤੀ। ਉਨ੍ਹਾਂ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ, ‘ਸੰਘਾ ਸਾਡਾ ਬੰਦਾ ਨਹੀਂ।’
ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਅੱਜ ਹਲਕਾ ਖਡੂਰ ਸਾਹਿਬ ਵਿੱਚ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕੀਤੀ। ਪਿੰਡ ਸ਼ੇਖ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇੱਕ ਵਿਅਕਤੀ ਟੈਲੀਫੋਨ ’ਤੇ ਕਿਸੇ ਔਰਤ ਨਾਲ ਉਨ੍ਹਾਂ ਦਾ ਨਾਂ ਲੈ ਕੇ ਗੱਲਾਂ ਕਰਦਾ ਸੁਣਾਈ ਦੇ ਰਿਹਾ ਹੈ। ਉਹ ਉਨ੍ਹਾਂ ਦਾ ਬੰਦਾ ਨਹੀ ਹੈ। ਜ਼ਿਕਰਯੋਗ ਹੈ ਕਿ ਅਕਾਲੀ ਦਲ ਵਿੱਚ ਸ਼ਮੂਲੀਅਤ ਸਮੇਂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀ ਸ਼ਿਫਾਰਸ ’ਤੇ ਹੀ ਸੁਖਬੀਰ ਬਾਦਲ ਵੱਲੋਂ ਕਸ਼ਮੀਰ ਸਿੰਘ ਸੰਘਾ ਨੂੰ ਪਾਰਟੀ ਦਾ ਜਰਨਲ ਸਕੱਤਰ ਨਿਯੁਕਤ ਕੀਤਾ ਗਿਆ ਸੀ। ਜਿਸ ਦੀਆਂ ਕੁਝ ਦਿਨਾਂ ਬਾਅਦ ਇੱਕ ਮਹਿਲਾ ਮਿੱਤਰ ਨਾਲ ਗੱਲਬਾਤ ਕਰਦੇ ਦੀਆਂ ਆਡੀਓ ਵਾਇਰਲ ਹੋਈਆਂ ਸਨ। ਇਨ੍ਹਾਂ ਵਿੱਚ ਕਸ਼ਮੀਰ ਸਿੰਘ ਸੰਘਾ ਆਪਣੀ ਇੱਕ ਮਹਿਲਾ ਮਿੱਤਰ ਨੂੰ ਬ੍ਰਹਮਪੁਰਾ ਦੇ ਨਾਂ ਦੀ ਵਰਤੋਂ ਕਰਦਾ ਹੋਇਆ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਰੇਤੇ ਦਾ ਠੇਕਾ ਦਿਵਾਉਣ ਦੀ ਗੱਲ ਕਰ ਰਿਹਾ ਹੈ। ਇਸ ਆਡੀਓ ਰਿਕਾਰਡਿੰਗ ਦੇ ਵਾਇਰਲ ਹੋਣ ਕਾਰਨ ਹਲਕੇ ਵਿੱਚ ਹੋ ਰਹੀ ਪਾਰਟੀ ਦੀ ਕਿਰਕਿਰੀ ਤੋਂ ਬਚਣ ਲਈ ਅੱਜ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਭਰੀ ਰੈਲੀ ਵਿੱਚ ਸੰਘਾ ਨੂੰ ਪਛਾਨਣ ਤੋਂ ਕਰ ਦਿੱਤੀ। ਇਸ ਸਾਰੇ ਘਟਨਾਕ੍ਰਮ ਤੋਂ ਬਾਅਦ ਬ੍ਰਹਮਪੁਰਾ ਨੇ ਕਸ਼ਮੀਰ ਸੰਘਾ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚੋਂ ਕੱਢਣ ਦੀ ਪੁਸ਼ਟੀ ਨਹੀਂ ਕੀਤੀ ਹੈ।