ਪਾਲ ਸਿੰਘ ਨੌਲੀ
ਜਲੰਧਰ, 11 ਮਈ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗੈਰਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਖੋਲ੍ਹਣ ਨੂੰ ਦਿੱਤੀ ਗਈ ਇਜਾਜ਼ਤ ਦੇ ਚੱਲਦਿਆਂ ਬਾਜ਼ਾਰਾਂ ਵਿਚ ਲੋਕ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਕਰਨੀ ਭੁੱਲ ਗਏ ਹਨ। ਦੁਪਹਿਰ ਵੇਲੇ ਤਿੰਨ ਵਜਦਿਆਂ ਹੀ ਬਾਜ਼ਾਰਾਂ ਵਿੱਚ ਲੋਕਾਂ ਦੀ ਭੀੜ ਬੇਕਾਬੂ ਹੋ ਜਾਂਦੀ ਹੈ। ਪੁਲੀਸ ਦਾ ਸਾਰਾ ਜ਼ੋਰ ਵੀ ਦੁਕਾਨਾਂ ਬੰਦ ਕਰਾਉਣ ’ਤੇ ਹੀ ਲੱਗਾ ਹੁੰਦਾ ਹੈ। ਇਥੋਂ ਦੇ ਰੈਣਕ ਬਾਜ਼ਾਰ, ਭੈਰੋਂ ਬਾਜ਼ਾਰ, ਫਗਵਾੜਾ ਗੇਟ, ਬਾਂਸਾਂ ਵਾਲਾ ਬਾਜ਼ਾਰ, ਜੋਤੀ ਚੌਕ ਤੇ ਸ਼ਹਿਰ ਦੇ ਇਲਾਕਿਆਂ ਵਿਚ ਲੋਕਾਂ ਦੀ ਆਵਾਜਾਈ ਏਨੀ ਜ਼ਿਆਦਾ ਹੁੰਦੀ ਹੈ ਕਿ ਦੁਪਹਿਰ ਤੱਕ ਭੀੜ ਬੇਕਾਬੂ ਹੋ ਜਾਂਦੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਲੋਕ ਇਸ ਕਰਕੇ ਵੀ ਬਾਜ਼ਾਰਾਂ ਵਿਚ ਜ਼ਿਆਦਾ ਆ ਜਾਂਦੇ ਹਨ ਕਿਉਂਕਿ ਦੁਕਾਨਾਂ ਤਿੰਨ ਵਜੇ ਬੰਦ ਹੋ ਜਾਂਦੀਆਂ ਹਨ ਤੇ ਇਸ ਤੋਂ ਪਹਿਲਾਂ-ਪਹਿਲਾਂ ਖਰੀਦਦਾਰੀ ਕੀਤੀ ਜਾ ਸਕੇ। ਅੱਜ ਬਹੁਤੀਆਂ ਦੁਕਾਨਾਂ ਪੁਲੀਸ ਨੇ ਪੌਣੇ ਤਿੰਨ ਵਜੇ ਹੀ ਬੰਦ ਕਰਵਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਤਿੰਨ ਵੱਜਦੇ ਹੀ ਦੁਕਾਨਾਂ ਤਾਂ ਬੰਦ ਹੋ ਗਈਆਂ ਪਰ ਬਾਜ਼ਾਰਾਂ ਵਿਚੋਂ ਲੋਕਾਂ ਨੂੰ ਨਿਕਲਦਿਆਂ ਕਾਫੀ ਸਮਾਂ ਲੱਗ ਗਿਆ। ਭੀੜ-ਭੜੱਕੇ ਵਾਲੇ ਬਾਜ਼ਾਰਾਂ ਵਿਚ ਤਾਂ ਹੋਰ ਵੀ ਪ੍ਰੇਸ਼ਾਨੀ ਦੇਖਣ ਨੂੰ ਮਿਲੀ ਜਦੋਂ ਬਹੁਤ ਸਾਰੇ ਦੁਕਾਨਦਾਰਾਂ ਨੇ ਵੀ ਮਾਸਕ ਨਹੀਂ ਪਾਏ ਹੋਏ ਸਨ ਤੇ ਬਾਜ਼ਾਰਾਂ ਵਿਚ ਘੁੰਮ ਰਹੇ ਲੋਕ ਵੀ ਮਾਸਕ ਪਾਉਣ ਤੋਂ ਲਾਪ੍ਰਵਾਹ ਦਿਸੇ।
ਜਲੰਧਰ ਵਿੱਚ ਆਏ ਦਿਨ ਕਰੋਨਾ ਦੀ ਲਾਗ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਸ਼ਹਿਰ ਦੇ ਹਸਪਤਾਲ ਵੀ ਕਰੋਨਾ ਦੇ ਮਰੀਜ਼ਾਂ ਨਾਲ ਭਰੇ ਪਏ ਹਨ। ਪ੍ਰਸ਼ਾਸਨ ਨੂੰ ਇਸ ਗੱਲ ਦੀ ਚਿੰਤਾ ਸਤਾ ਰਹੀ ਹੈ ਕਿ ਜੇਕਰ ਹਾਲਾਤ ਇਸੇ ਤਰ੍ਹਾਂ ਦੇ ਰਹੇ ਤਾਂ ਸਥਿਤੀ ਹੋਰ ਵੀ ਵਿਗੜਨ ਦਾ ਡਰ ਹੈ।
ਕਰੋਨਾ ਵਾਰੀਅਰਜ਼ ਨੂੰ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ
ਹੁਸ਼ਿਆਰਪੁਰ (ਪੱਤਰ ਪ੍ਰੇਰਕ): ਲੇਬਰ ਪਾਰਟੀ ਅਤੇ ਹੈਲਥ ਕੇਅਰ ਮੂਵਮੈਂਟ ਪੰਜਾਬ ਦੇ ਨੁਮਾਇੰਦਿਆਂ ਨੇ ਕਰੋਨਾ ਦੀ ਲੜਾਈ ਵਿੱਚ ਕੁਰਬਾਨੀਆਂ ਦੇਣ ਵਾਲੇ ਮੈਡੀਕਲ ਕਰਮਚਾਰੀਆਂ, ਅਧਿਆਪਕਾਂ, ਪੁਲੀਸ ਜਵਾਨਾਂ, ਮਜ਼ਦੂਰਾਂ ਤੇ ਹੋਰ ਲੋਕਾਂ ਨੂੰ ਅੱਡਾ ਹੰਦੋਵਾਲ ਵਿੱਚ ਮੋਮਬੱਤੀਆਂ ਜਗਾ ਕੇ ਸ਼ਰਧਾਂਜਲੀ ਦਿੱਤੀ। ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਸਕੱਤਰ ਦਵਿੰਦਰ ਸਿੰਘ ਥਿੰਦ ਨੇ ਕਿਹਾ ਕਿ ਸਾਰਿਆਂ ਨੂੰ ਇਸ ਮਹਾਮਾਰੀ ਦਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ। ਇਸ ਤੋਂ ਬਚਾਅ ਬਾਰੇ ਆਪਣੇ ਨਾਲ-ਨਾਲ ਹੋਰਨਾਂ ਨੂੰ ਵੀ ਜਾਗਰੂਕ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਰੋਨਾ ਪੀੜਤ ਮਰੀਜ਼ਾਂ ਨੂੰ ਰਾਹਤ ਦੇਣ ਦੀ ਥਾਂ ਉਨ੍ਹਾਂ ਨੂੰ ਮਿਲਣ ਵਾਲੀ ਆਕਸੀਜਨ, ਦਵਾਈਆਂ, ਟੀਕੇ, ਬੈਡਾਂ ਆਦਿ ਨੂੰ ਲੈ ਕੇ ਕਾਲਾਬਜ਼ਾਰੀ ਕਰਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਹੋਣੀ ਚਾਹੀਦੀ ਹੈ।