ਐਨਪੀ ਧਵਨ
ਪਠਾਨਕੋਟ, 4 ਨਵੰਬਰ
ਗੁਰਦਾਸਪੁਰ ਦੇ ਐੱਮਪੀ ਸਨੀ ਦਿਓਲ ਵੱਲੋਂ ਅਗਲੀਆਂ ਲੋਕ ਸਭਾ ਚੋਣਾਂ ਨਾ ਲੜਨ ਦੀ ਚਰਚਾ ਤੁਰਨ ਮਗਰੋਂ ਹੁਣ ਸਥਾਨਕ ਭਾਜਪਾ ਆਗੂਆਂ ਦੀਆਂ ਸਰਗਰਮੀਆਂ ਵਧ ਗਈਆਂ ਹਨ। ਇਸ ਦੌਰਾਨ ਮਰਹੂਮ ਐੱਮਪੀ ਵਨਿੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਦੇ ਪਠਾਨਕੋਟ ਦੌਰੇ ਨੂੰ ਵੀ ਇਸ ਸਰਗਰਮੀ ਨਾਲ ਹੀ ਜੋੜ ਕੇ ਵੇਖਿਆ ਜਾ ਰਿਹਾ ਹੈ। ਇਸ ਦੌਰਾਨ ਉਹ ਵਨਿੋਦ ਖੰਨਾ ਨਾਲ ਕੰਮ ਕਰਨ ਵਾਲੇ ਕਈ ਸਿਆਸੀ ਆਗੂਆਂ ਨੂੰ ਵੀ ਮਿਲੇ ਹਨ। ਹਾਲਾਂਕਿ ਕਵਿਤਾ ਖੰਨਾ ਦਾ ਕਹਿਣਾ ਹੈ ਕਿ ਉਹ ਆਪਣੀ ਇੱਕ ਪੁਰਾਣੀ ਸਹੇਲੀ ਨਾਲ ਹਿਮਾਚਲ ਦੇ ਮੰਦਰਾਂ ਦੀ ਯਾਤਰਾ ਕਰਨ ਆਏ ਹਨ, ਪਰ ਉਨ੍ਹਾਂ ਇਹ ਵੀ ਕਿਹਾ ਕਿ ਉਹ ਗੁਰਦਾਸਪੁਰ ਸੰਸਦੀ ਖੇਤਰ ਦੇ ਰਿਣੀ ਹਨ ਤੇ ਇਸ ਖੇਤਰ ਦੇ ਲੋਕਾਂ ਨਾਲ ਉਨ੍ਹਾਂ ਦਾ ਇੱਕ ਪਰਿਵਾਰਕ ਰਿਸ਼ਤਾ ਹੈ। ਉਹ ਇਸ ਖੇਤਰ ਵਿੱਚ ਹਮੇਸ਼ਾ ਆਉਂਦੇ ਰਹਿਣਗੇ। ਕਵਿਤਾ ਖੰਨਾ ਨੇ ਪ੍ਰਸਿੱਧ ਕਾਲੀ ਮਾਤਾ ਮੰਦਰ ਵਿੱਚ ਮੱਥਾ ਵੀ ਟੇਕਿਆ। ਜ਼ਿਕਰਯੋਗ ਹੈ ਕਿ ਪਿਛਲੀ ਵਾਰ ਵਨਿੋਦ ਖੰਨਾ ਦੀ ਮੌਤ ਮਗਰੋਂ ਕਵਿਤਾ ਖੰਨਾ ਇਸ ਹਲਕੇ ਤੋਂ ਭਾਜਪਾ ਉਮੀਦਵਾਰ ਬਣਨ ਦੇ ਚਾਹਵਾਨ ਸਨ ਤੇ ਉਨ੍ਹਾਂ ਵੱਲੋਂ ਭਾਜਪਾ ਦੇ ਉੱਚ ਆਗੂਆਂ ਨਾਲ ਰਾਬਤਾ ਵੀ ਕਾਇਮ ਕੀਤਾ ਗਿਆ ਸੀ, ਪਰ ਪਾਰਟੀ ਨੇ ਬੌਲੀਵੁੱਡ ਅਦਾਕਾਰ ਸਨੀ ਦਿਓਲ ਨੂੰ ਮੈਦਾਨ ਵਿੱਚ ਉਤਾਰ ਦਿੱਤਾ ਸੀ। ਸੂਤਰਾਂ ਅਨੁਸਾਰ ਕਵਿਤਾ ਖੰਨਾ ਵੱਲੋਂ ਇਥੇ ਸਥਿਤ ਵਨਿੋਦ ਖੰਨਾ ਦੀ ਪੁਰਾਣੀ ਕੋਠੀ ਦੀ ਸਾਫ਼-ਸਫਾਈ ਤੇ ਰੰਗ ਰੋਗਨ ਵੀ ਕਰਵਾਇਆ ਗਿਆ ਹੈ।