ਚਰਨਜੀਤ ਭੁੱਲਰ
ਚੰਡੀਗੜ੍ਹ, 20 ਮਈ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਵੱਲੋਂ ਬਿਜਲੀ ਚੋਰੀ ਖ਼ਿਲਾਫ਼ ਵਿੱਢੀ ‘ਕੁੰਡੀ ਹਟਾਓ’ ਮੁਹਿੰਮ ਨੂੰ ਕਿਸਾਨ ਧਿਰਾਂ ਨੇ ਹੀ ਕੁੰਡੀ ਪਾ ਲਈ ਹੈ। ਦਰਜਨਾਂ ਪਿੰਡਾਂ ’ਚ ਕਿਸਾਨਾਂ ਵੱਲੋਂ ਪਾਵਰਕੌਮ ਦੀਆਂ ਚੈਕਿੰਗ ਟੀਮਾਂ ਦੀ ਘੇਰਾਬੰਦੀ ਕੀਤੀ ਗਈ ਹੈ ਜਿਸ ਨਾਲ ਬਿਜਲੀ ਚੋਰਾਂ ਦੇ ਹੌਸਲੇ ਵਧਣ ਲੱਗੇ ਹਨ। ਪਾਵਰਕੌਮ ਨੇ ਪਹਿਲਾਂ ਰਸੂਖਵਾਨ ਬਿਜਲੀ ਚੋਰਾਂ ਨੂੰ ਹੱਥ ਪਾਇਆ ਸੀ ਅਤੇ ਉਸ ਮਗਰੋਂ ਪਿੰਡਾਂ ਵਿਚ ਚੈਕਿੰਗ ਸ਼ੁਰੂ ਕੀਤੀ ਸੀ ਪਰ ਹੁਣ ਪਿੰਡਾਂ ’ਚ ਟਕਰਾਅ ਬਣਨ ਲੱਗੇ ਹਨ।ਬਰਨਾਲਾ ਦੇ ਪਿੰਡ ਢਿੱਲਵਾਂ ਵਿਚ ਚੈਕਿੰਗ ਟੀਮ ਨੂੰ ਕਿਸਾਨ ਯੂਨੀਅਨ ਦੇ ਮੈਂਬਰਾਂ ਨੇ ਬੰਦੀ ਬਣਾ ਲਿਆ। ਪਾਵਰਕੌਮ ਦੀ ਟੀਮ ਪਿੰਡ ਦੇ ਕਈ ਧਨਾਢ ਲੋਕਾਂ ਦੀ ਕੁੰਡੀ ਉਤਾਰਨ ਤੋਂ ਵੀ ਬੇਵੱਸ ਹੋ ਕੇ ਪਰਤ ਆਈ ਹੈ। ਦੋ ਹਫ਼ਤੇ ਪਹਿਲਾਂ ਬਰਨਾਲਾ ਦੇ ਪਿੰਡ ਸੇਖਾ ਵਿੱਚ ਵੀ ਚੈਕਿੰਗ ਟੀਮ ਨੂੰ ਰੋਕ ਦਿੱਤਾ ਗਿਆ ਸੀ। ਇਥੋਂ ਦੇ ਹੀ ਪਿੰਡ ਸ਼ਹਿਣਾ ਵਿਚ ਕੁੰਡੀ ਹਟਾਓ ਮੁਹਿੰਮ ਕਿਸਾਨ ਯੂਨੀਅਨ ਨੇ ਸਫ਼ਲ ਨਹੀਂ ਹੋਣ ਦਿੱਤੀ। ਪਿੰਡ ਰਾਮਨਗਰ ਛੰਨਾਂ ਵਿਚ ਤਾਂ ਚੈਕਿੰਗ ਟੀਮ ਨੂੰ ਐਲਾਨ ਕਰਨਾ ਪਿਆ ਕਿ ਪਿੰਡ ’ਚ ਮੁੜ ਚੈਕਿੰਗ ਨਹੀਂ ਕਰਨਗੇ।
ਪਾਵਰਕੌਮ ਅਧਿਕਾਰੀ ਆਖਦੇ ਹਨ ਕਿ ਸਾਲਾਨਾ 1200 ਕਰੋੜ ਦੀ ਬਿਜਲੀ ਚੋਰੀ ਹੁੰਦੀ ਹੈ ਅਤੇ ਜੇ ਕਿਸਾਨ ਧਿਰਾਂ ਨੇ ਏਦਾਂ ਹੀ ਬਿਜਲੀ ਚੋਰੀ ਨੂੰ ਰੋਕਣ ਵਿਚ ਅੜਿੱਕੇ ਖੜ੍ਹੇ ਕੀਤੇ ਤਾਂ ਪਾਵਰਕੌਮ ਅਦਾਰੇ ਦੀ ਵਿੱਤੀ ਹਾਲਤ ਹੋਰ ਪਤਲੀ ਹੋ ਜਾਣੀ ਹੈ। ਭਦੌੜ ਦੇ ਮਹੱਲਾ ਜੰਗੀ ਕਾ ਵਿਚ ਵੀ ਚੈਕਿੰਗ ਟੀਮ ਨੂੰ ਰੋਕ ਦਿੱਤਾ ਗਿਆ। ਘੁਬਾਇਆ, ਪੰਜੇ ਕੇ ਉਤਾੜ, ਪਿੰਡ ਸ਼ਿਕਾਰਗਾਹ ਵਿਚ ਹੀ ਕਿਸਾਨਾਂ ਨੇ ਬਿਜਲੀ ਜਾਂਚ ਟੀਮ ਨੂੰ ਰੋਕਿਆ। ਰਾਏਕੋਟ ਦੇ ਪਿੰਡ ਬੁਰਜ ਕੁਲਾਰਾਂ ਵਿੱਚ ਤਾਂ ਚੈਕਿੰਗ ਟੀਮ ਨੂੰ ਘੇਰਾ ਪਾਉਣ ਲਈ ਪਿੰਡ ਦੇ ਗੁਰੂ ਘਰ ’ਚ ਮੁਨਿਆਦੀ ਵੀ ਕੀਤੀ ਗਈ। ਪੀਐਸਈਬੀ ਇੰਜਨੀਅਰਜ਼ ਐਸੋਸੀਏਸ਼ਨ ਦੇ ਪ੍ਰਧਾਨ ਜਸਵੀਰ ਸਿੰਘ ਧੀਮਾਨ ਨੇ ਅਪੀਲ ਕੀਤੀ ਕਿ ਲੋਕ ਬਿਜਲੀ ਚੋਰੀ ਖ਼ਿਲਾਫ਼ ਨਿੱਤਰਨ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਡਾ. ਦਰਸ਼ਨ ਪਾਲ ਨੇ ਕਿਸਾਨ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਬਿਜਲੀ ਚੋਰੀ ਨੂੰ ਉਤਸ਼ਾਹਿਤ ਨਾ ਕਰਨ ਅਤੇ ਬਿਜਲੀ ਚੋਰੀ ਕਰਨ ਵਾਲੇ ਲੋਕਾਂ ਦੀ ਪਿੱਠ ’ਤੇ ਨਾ ਖੜਨ।
ਆਮ ਲੋਕਾਂ ਨੂੰ ਪ੍ਰੇਸ਼ਾਨ ਕਰਨ ਦੀ ਥਾਂ ਧਨਾਢਾਂ ਦੀ ਬਿਜਲੀ ਚੋਰੀ ਰੋਕੋ: ਕਿਸਾਨ ਆਗੂ
ਬੀ.ਕੇ.ਯੂ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੀ ਜਥੇਬੰਦੀ ਬਿਜਲੀ ਚੋਰੀ ਦੇ ਹੱਕ ਵਿਚ ਨਹੀਂ ਹੈ ਪਰ ਧਨਾਢ ਲੋਕਾਂ ਦੀ ਬਿਜਲੀ ਚੋਰੀ ਫੜੀ ਜਾਣੀ ਚਾਹੀਦੀ ਹੈ। ਉੁਹ ਪਿੰਡਾਂ ਵਿਚ ਜਾਂਚ ਟੀਮਾਂ ਦੇ ਵਿਰੋਧ ਨੂੰ ਗ਼ਲਤ ਮੰਨਦੇ ਹਨ। ਇਸੇ ਤਰ੍ਹਾਂ ਬੀ.ਕੇ.ਯੂ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ ਗਿੱਲ ਆਖਦੇ ਹਨ ਕਿ ਉਹ ਬਿਜਲੀ ਚੋਰੀ ਦੇ ਹੱਕ ਵਿਚ ਨਹੀਂ ਹਨ ਅਤੇ ਉਹ ਇਸ ਗੱਲ ਦੇ ਹੱਕ ਵਿਚ ਹਨ ਕਿ ਵੱਡੇ ਲੋਕਾਂ ਦੀ ਬਿਜਲੀ ਚੋਰੀ ਪਹਿਲਾਂ ਰੋਕਣੀ ਚਾਹੀਦੀ ਹੈ। ਕੁੰਡੀ ਦੀ ਆੜ ਵਿਚ ਗ਼ਰੀਬ ਲੋਕਾਂ ਨੂੰ ਤੰਗ ਨਹੀਂ ਕਰਨਾ ਚਾਹੀਦਾ।
ਸਾਹਬ ਚੋਰੀ ਕਰਦੇ ਫੜੇ ਗਏ..
ਪਾਵਰਕੌਮ ਦੀ ਚੈਕਿੰਗ ਟੀਮ ਨੇ ਅੱਜ ਜਲੰਧਰ ਵਿਚ ਛਾਪੇ ਮਾਰੇ। ਇਸ ਦੌਰਾਨ ਨਿਊ ਬਾਰਾਂਦਰੀ ਵਿਚ ਕਈ ਪੁਲੀਸ ਤੇ ਸਿਵਲ ਅਧਿਕਾਰੀ ਬਿਜਲੀ ਚੋਰੀ ਕਰਦੇ ਫੜੇ ਗਏ ਜਿਨ੍ਹਾਂ ਵਿਚ ਇੱਕ ਡੀਐੱਸਪੀ ਅਤੇ ਇੱਕ ਈਟੀਓ ਵੀ ਸ਼ਾਮਲ ਹੈ। ਇਸ ਇਲਾਕੇ ਵਿਚ ਸਰਕਾਰੀ ਅਫ਼ਸਰਾਂ ਦੀ ਰਿਹਾਇਸ਼ ਹੈ। ਪਾਵਰਕੌਮ ਨੇ ਇਸ ਇਲਾਕੇ ਵਿਚ ਬਿਜਲੀ ਚੋਰੀ ਦੇ ਅੱਠ ਕੇਸ ਫੜੇ ਹਨ ਜਿਨ੍ਹਾਂ ਨੂੰ ਛੇ ਲੱਖ ਰੁਪਏ ਦਾ ਜੁਰਮਾਨਾ ਪਾਇਆ ਗਿਆ ਹੈ।