ਦਲਬੀਰ ਸੱਖੋਵਾਲੀਆ
ਬਟਾਲਾ, 3 ਅਕਤੂਬਰ
ਪੰਜਾਬ ਸਰਕਾਰ ਵੱਲੋਂ ਮਹਾਤਮਾ ਗਾਂਧੀ ਦੀ ਜੈਅੰਤੀ ਮੌਕੇ ਹੁਸ਼ਿਆਰਪੁਰ ’ਚ ਬੀਤੇ ਦਿਨ ਕਰਵਾਏ ਸੂਬਾ ਪੱਧਰੀ ਸਮਾਗਮ ਵਿੱਚ ਸਵੱਛ ਭਾਰਤ ਸਰਵੇਖਣ-22 ਤਹਿਤ ਪਿੰਡ ਪੇਰੋਸ਼ਾਹ ਨੂੰ ਗੁਰਦਾਸਪੁਰ ਜ਼ਿਲ੍ਹੇ ਦਾ ਸਭ ਤੋਂ ਸਾਫ਼-ਸੁਥਰਾ ਪਿੰਡ ਐਲਾਨਿਆ ਗਿਆ ਹੈ। ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਸ਼ਰਮਾ (ਜਿੰਪਾ) ਅਤੇ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੋੜੀ ਨੇ ਪਿੰਡ ਦੀ ਪੰਚਾਇਤ ਨੂੰ ਇੱਕ ਲੱਖ ਰੁਪਏ ਦੇ ਇਨਾਮ ਨਾਲ ਸਨਮਾਨਿਤ ਕੀਤਾ। ਪਿੰਡ ਦੀ ਸਰਪੰਚ ਹਰਜਿੰਦਰ ਕੌਰ ਕਾਹਲੋਂ ਨੇ ਇਸ ਦਾ ਸਿਹਰਾ ਸਮੂਹ ਪਿੰਡ ਵਾਸੀਆਂ ਅਤੇ ਪੰਚਾਇਤ ਨੂੰ ਦਿੱਤਾ ਹੈ।
ਇਸ ਮੌਕੇ ਸਰਪੰਚ ਹਰਜਿੰਦਰ ਕੌਰ ਨੇ ਕਿਹਾ ਕਿ ਪਿੰਡ ਦੀ ਪੰਚਾਇਤ ਵੱਲੋਂ ਵੱਖ ਵੱਖ ਵਿਭਾਗਾਂ ਦੇ ਸਹਿਯੋਗ ਨਾਲ ਪਿੰਡ ਦੇ ਦੂਸ਼ਿਤ ਪਾਣੀ ਨੂੰ ਟਰੀਟਮੈਂਟ ਪਲਾਂਟ ਰਾਹੀਂ ਕੁਦਰਤੀ ਪ੍ਰਕਿਰਿਆ ਨਾਲ ਸੋਧ ਕੇ ਖੇਤਾਂ ਲਈ ਸਿੰਜਾਈ ਯੋਗ ਬਣਾਇਆ ਗਿਆ ਹੈ। ਪਿੰਡ ਵਿੱਚ ਕੂੜੇ ਦੇ ਢੇਰ ਖ਼ਤਮ ਕਰ ਕੇ ਸੌਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ ਤਿਆਰ ਕੀਤਾ ਗਿਆ ਹੈ। ਸੁੱਕਾ ਕੂੜਾ ਜਿਵੇਂ ਪਲਾਸਟਿਕ, ਕੱਚ, ਗੱਤਾ, ਖਾਲੀ ਬੋਤਲਾਂ ਅਲੱਗ-ਅਲੱਗ ਕਰ ਕੇ ਵੇਚ ਕੇ ਕਮਾਈ ਕੀਤੀ ਜਾ ਰਹੀ। ਪਿੰਡ ਵਿਚ ਸੀਵਰੇਜ ਪਾ ਕੇ ਹਰ ਘਰ ਦੇ ਦੂਸ਼ਿਤ ਪਾਣੀ ਨੂੰ ਪਾਈਪਲਾਈਨ ਨਾਲ ਜੋੜਿਆ ਗਿਆ ਹੈ। ਪਿੰਡ ਵਿੱਚ ਪਾਰਕ ਦੀ ਉਸਾਰੀ ਵੀ ਕੀਤੀ ਗਈ ਹੈ। ਪਿੰਡ ਦੀ ਫਿਰਨੀ ਤੋਂ ਕਬਜ਼ੇ ਹਟਾ ਕੇ 22 ਫੁੱਟ ਚੌੜਾ ਕਰਕੇ ਪ੍ਰੀਮਿਕਸ ਨਾਲ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮਨਰੇਗਾ ਵਰਕਰਾਂ ਨੂੰ ਲਗਾਤਾਰ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ, ਗਲੀਆਂ ਵਿੱਚ ਇੰਟਰਲਾਕ ਟਾਈਲਾਂ ਲਗਾਈਆਂ ਗਈਆਂ ਹਨ। ਜ਼ਿਕਰਯੋਗ ਹੈ ਕਿ ਆਲੇ-ਦੁਆਲੇ ਦੀਆਂ ਪੰਚਾਇਤਾਂ ਪਿੰਡ ਵਿਚ ਆ ਕੇ ਵਿਕਾਸ ਕਾਰਜਾਂ ਤੋਂ ਸੇਧ ਲੈ ਰਹੀਆਂ ਹਨ।