ਦਲਬੀਰ ਸੱਖੋਵਾਲੀਆ
ਬਟਾਲਾ, 29 ਅਗਸਤ
ਪੰਜਾਬ ਦੇ ਹੋਰਨਾਂ ਪਿੰਡਾਂ ਲਈ ਮਿਸਾਲ ਕਾਇਮ ਕਰਦਿਆਂ ਬਟਾਲਾ ਨੇੜਲੇ ਪਿੰਡ ਪੇਰੋਸ਼ਾਹ (ਬਲਾਕ ਸ੍ਰੀ ਹਰਗੋਬਿੰਦਪੁਰ) ਨੇ ਨਾ ਸਿਰਫ਼ ਖੁੱਲ੍ਹੇ ਵਿੱਚ ਪਖਾਨੇ ਦੀ ਸਮੱਸਿਆ ਨੂੰ ਹੱਲ ਕੀਤਾ, ਬਲਕਿ ਕੂੜੇ ਤੋਂ ਕਮਾਈ ਵੀ ਕਰ ਰਿਹਾ ਹੈ।
ਪਿੰਡ ਦੀ ਸਰਪੰਚ ਹਰਜਿੰਦਰ ਕੌਰ ਕਾਹਲੋਂ ਨੇ ਦੱਸਿਆ ਕਿ 1130 ਵਿਅਕਤੀਆਂ ਦੀ ਆਬਾਦੀ ਵਾਲਾ ਪਿੰਡ ਸ਼ਾਹ ਸਾਫ-ਸਫਾਈ ਪੱਖੋਂ ਪੂਰੀ ਤਰ੍ਹਾਂ ਸਮਰੱਥ ਹੈ ਅਤੇ ਹੁਣ ਪਿੰਡ ’ਚ ਠੋਸ ਅਤੇ ਤਰਲ ਰਹਿੰਦ-ਖੂੰਹਦ ਦਾ ਪ੍ਰਬੰਧਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗ੍ਰਾਮ ਪੰਚਾਇਤ ਵੱਲੋਂ ਠੋਸ ਰਹਿੰਦ-ਖੂੰਹਦ ਪ੍ਰਬੰਧਨ ਪਲਾਂਟ ਵਿੱਚ ਪਿਛਲੇ ਇੱਕ ਸਾਲ ਦੌਰਾਨ ਘਰੇਲੂ ਬਾਇਓਡੀਗ੍ਰੇਡੇਬਲ ਰਹਿੰਦ-ਖੂੰਹਦ ਤੋਂ ਤਿਆਰ ਕੀਤੀ 1,660 ਕਿਲੋ ਖਾਦ 12,425 ਰੁਪਏ ਵਿੱਚ ਵੇਚੀ ਗਈ ਹੈ। ਹੁਣ ਅਗਲੇ ਮਹੀਨੇ ਹੋਰ 650 ਕਿਲੋ ਖਾਦ ਵੇਚ ਕੇ 5000 ਰੁਪਏ ਦੇ ਕਰੀਬ ਕਮਾਈ ਕਰਨ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਇਸ ਜੈਵਿਕ ਖਾਦ ਦੀ ਵਰਤੋਂ ਬਾਗਬਾਨੀ ਅਤੇ ਹੋਰ ਰੁੱਖਾਂ ਲਈ ਵੀ ਕੀਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਇਹ ਕਿੱਤਾ ਕਈਆਂ ਲਈ ਰੋਜ਼ੀ-ਰੋਟੀ ਦੇ ਨਾਲ-ਨਾਲ ਪਿੰਡ ਵਾਲਿਆਂ ਲਈ ਆਮਦਨ ਦਾ ਸਾਧਨ ਵੀ ਬਣ ਰਿਹਾ ਹੈ।
ਜੈਵਿਕ ਖਾਦ ਦੀ ਬਰਾਂਡਿੰਗ ਕਰਨ ਵਾਲੇ ਮਾਸਟਰ ਸੁਖਰਾਜ ਸਿੰਘ ਕਾਹਲੋਂ ਨੇ ਦੱਸਿਆ ਕਿ ਇਸ ਵੇਲੇ ਪਿੰਡ ਦੇ 120 ਵਿੱਚੋਂ 94 ਘਰ ਕੂੜਾ ਪ੍ਰਬੰਧਨ ਸਹੂਲਤ ਨਾਲ ਜੁੜੇ ਹੋਏ ਹਨ ਤੇ ਘਰਾਂ ’ਚੋਂ ਕੂੜਾ ਇਕੱਠਾ ਕਰਨ ਲਈ ਪਿੰਡ ਦੇ ਇਕ ਵਿਅਕਤੀ ਨੂੰ ਮਹੀਨਾਵਾਰ ਤਨਖਾਹ ’ਤੇ ਰੱਖਿਆ ਹੋਇਆ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਥੈਲਿਆਂ ਵਿੱਚ ਖਾਦ ਵੇਚੀ ਜਾਂਦੀ ਹੈ, ਉਨ੍ਹਾਂ ’ਤੇ ਪਿੰਡ ਦਾ ਨਾਮ, ਜੈਵਿਕ ਖਾਦ-ਘਰ ਤੋਂ ਖੇਤ ਤੱਕ ਅਤੇ ਤੰਦਰੁਸਤ ਪੰਜਾਬ ਸਬੰਧੀ ਵੇਰਵਿਆਂ ਨੂੰ ਛਾਪਿਆ ਜਾਂਦਾ ਹੈ।
ਜੈਵਿਕ ਖਾਦ ਤਿਆਰ ਕਰਨ ਦੀ ਵਿਧੀ ਬਾਰੇ ਸ੍ਰੀ ਕਾਹਲੋਂ ਨੇ ਦੱਸਿਆ ਕਿ ਕੂੜੇ ਦੇ ਪ੍ਰਬੰਧਨ ਅਤੇ ਇਸ ਤੋਂ ਖਾਦ ਤਿਆਰ ਕਰਨ ਲਈ ਕੁੱਲ ਤਿੰਨ ਕੰਪੋਸਟ ਪਿੱਟ ਬਣੇ ਹੋਏ ਹਨ, ਜਿਨ੍ਹਾਂ ਵਿੱਚ ਕੂੜਾ ਸਾੜਨ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਇਨ੍ਹਾਂ ’ਚ ਪਾਣੀ, ਗੁੜ ਅਤੇ ਗੋਹੇ ਨੂੰ ਤੈਅ ਸਮੇਂ ’ਤੇ ਪਾਇਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਗ੍ਰਾਮ ਪੰਚਾਇਤ ਨੇ ਜ਼ਿਲ੍ਹਾ ਪ੍ਰਸ਼ਾਸਨ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਅਤੇ ਗੈਰ-ਸਰਕਾਰੀ ਸੰਗਠਨ ਦੇ ਸਹਿਯੋਗ ਨਾਲ 2 ਸਾਲ ਪਹਿਲਾਂ ਮਗਨਰੇਗਾ ਸਕੀਮ ਤਹਿਤ 3.47 ਲੱਖ ਰੁਪਏ ਦੇ ਬਜਟ ਨਾਲ ਕੂੜਾ ਪ੍ਰਬੰਧਨ ਪ੍ਰਾਜੈਕਟ ਸਥਾਪਤ ਕੀਤਾ ਸੀ, ਜੋ ਅੱਜ ਪਿੰਡ ਲਈ ਕਮਾਈ ਦਾ ਸਾਧਨ ਬਣ ਗਿਆ ਹੈ।