ਹਰਪ੍ਰੀਤ ਕੌਰ
ਹੁਸ਼ਿਆਰਪੁਰ, 25 ਅਪਰੈਲ
ਭਾਰਤੀ ਜਨਤਾ ਪਾਰਟੀ ਦੇ ਸਾਬਕਾ ਕੇਂਦਰੀ ਮੰਤਰੀ ਵਿਜੈ ਸਾਂਪਲਾ ਦੇ ਅੱਜ ਅਨਾਜ ਮੰਡੀ ਵਿੱਚ ਆਉਣ ਦੇ ਪ੍ਰੋਗਰਾਮ ਬਾਰੇ ਜਿਵੇਂ ਹੀ ਅਜ਼ਾਦ ਕਿਸਾਨ ਕਮੇਟੀ ਦੋਆਬਾ ਦੇ ਵਰਕਰਾਂ ਨੂੰ ਭਿਣਕ ਲੱਗੀ ਤਾਂ ਉਨ੍ਹਾਂ ਕਮੇਟੀ ਦੇ ਪ੍ਰਧਾਨ ਹਰਬੰਸ ਸਿੰਘ ਸੰਘਾ ਦੀ ਅਗਵਾਈ ਹੇਠ ਕਣਕ ਮੰਡੀ ਵੱਲ ਨੂੰ ਕੂਚ ਕਰ ਦਿੱਤਾ।
ਇਸ ਬਾਰੇ ਹੋਰਨਾਂ ਕਿਸਾਨ ਜਥੇਬੰਦੀਆਂ, ਨੰਗਲ ਟੌਲ ਪਲਾਜ਼ਾ ਤੇ ਲੋਚਵਾਲ ਟੌਲ ਪਲਾਜ਼ਾ ’ਤੇ ਬੈਠੇ ਕਿਸਾਨਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ, ਜਿਸ ’ਤੇ ਵੱਡੀ ਗਿਣਤੀ ਵਿੱਚ ਕਿਸਾਨ ਅਨਾਜ ਮੰਡੀ ’ਚ ਇਕੱਠੇ ਹੋ ਗਏ। ਸਾਂਪਲਾ ਨੇ ਜਿਸ ਆੜ੍ਹਤੀ ਦੀ ਦੁਕਾਨ ’ਤੇ ਆਉਣਾ ਸੀ, ਕਿਸਾਨਾਂ ਨੇ ਉਸ ਨੂੰ ਪਹਿਲਾਂ ਹੀ ਘੇਰਾ ਪਾ ਲਿਆ ਅਤੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸ ਦਾ ਪਤਾ ਲੱਗਣ ’ਤੇ ਵਿਜੈ ਸਾਂਪਲਾ ਨੇ ਆਪਣਾ ਪ੍ਰੋਗਰਾਮ ਰੱਦ ਕਰ ਦਿੱਤਾ। ਕਿਸਾਨ ਆਗੂਆਂ ਨੇ ਆੜ੍ਹਤੀਆਂ ਨੂੰ ਅਪੀਲ ਕੀਤੀ ਕਿ ਉਹ ਭਾਜਪਾ ਮੰਤਰੀਆਂ ਦਾ ਬਾਈਕਾਟ ਕਰਨ ਕਿਉਂਕਿ ਭਾਜਪਾ ਕਿਸਾਨ ਵਿਰੋਧੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਆੜ੍ਹਤੀਆਂ ਨੂੰ ਵੀ ਕਿਸਾਨਾਂ ਦੇ ਸੰਘਰਸ਼ ਨੂੰ ਸਮਰਥਨ ਦੇਣਾ ਚਾਹੀਦਾ ਹੈ।
ਇਸ ਮਗਰੋਂ ਕਿਸਾਨਾਂ ਨੇ ਕਣਕ ਮੰਡੀ ਵਿੱਚ ਪੈਦਲ ਮਾਰਚ ਕਰਦਿਆਂ ਮੋਦੀ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਸਪੱਸ਼ਟ ਕੀਤਾ ਕਿ ਜਦੋਂ ਤੱਕ ਕੇਂਦਰ ਸਰਕਾਰ ਖੇਤੀ ਵਿਰੋਧੀ ਕਾਨੂੰਨ ਰੱਦ ਨਹੀਂ ਕਰਦੀ ਅਤੇ ਫ਼ਸਲਾਂ ’ਤੇ ਘੱਟੋ-ਘੱਟ ਸਮਰਥਨ ਮੁੱਲ ਲਾਗੂ ਨਹੀਂ ਹੁੰਦਾ, ਸੰਘਰਸ਼ ਜਾਰੀ ਰਹੇਗਾ।
ਇਸ ਮੌਕੇ ਗੁਰਦੀਪ ਸਿੰਘ ਖੁਣ-ਖੁਣ, ਸੁਖਪਾਲ ਸਿੰਘ ਕਾਹਰੀ, ਦਿਲਬਾਗ ਸਿੰਘ ਕਾਹਰੀ, ਕਮਲਜੀਤ ਸਿੰਘ ਰਾਜਪੁਰ ਭਾਈਆਂ, ਕੁਲਭੂਸ਼ਣ, ਪ੍ਰਕਾਸ਼ ਸਿੰਘ ਸੈਣੀ, ਮੰਗਤ ਸਿੰਘ ਅਤੇ ਹਰਬੰਸ ਸਿੰਘ ਸੰਘਾ ਮੌਜੂਦ ਸਨ।