ਹਰਪ੍ਰੀਤ ਕੌਰ
ਹੁਸ਼ਿਆਰਪੁਰ, 19 ਅਪਰੈਲ
ਭਾਜਪਾ ਵੱਲੋਂ ਹੁਸ਼ਿਆਰਪੁਰ ਲੋਕ ਸਭਾ ਹਲਕੇ ਤੋਂ ਟਿਕਟ ਨਾ ਮਿਲਣ ਕਾਰਨ ਵਿਜੈ ਸਾਂਪਲਾ ਦੀ ਸਿਆਸਤ ਦੀ ਕਿਸ਼ਤੀ ਮੰਝਧਾਰ ਵਿਚ ਫਸ ਗਈ ਹੈ। ਭਾਜਪਾ ਵਿਚ ਰਹਿਣ ਜਾਂ ਕਿਸੇ ਹੋਰ ਪਾਰਟੀ ਵਿਚ ਸ਼ਾਮਲ ਹੋਣ ਸਬੰਧੀ ਉਹ ਦੁਚਿੱਤੀ ਵਿਚ ਹਨ। ਅਗਲੀ ਰਣਨੀਤੀ ਤਿਆਰ ਕਰਨ ਲਈ ਉਹ ਲਗਾਤਾਰ ਆਪਣੇ ਵਰਕਰਾਂ ਤੇ ਸਮਰਥਕਾਂ ਨਾਲ ਮੀਟਿੰਗਾਂ ਕਰ ਰਹੇ ਹਨ। ਦਿੱਲੀ ਵਿੱਚ ਭਾਜਪਾ ਦੇ ਸੀਨੀਅਰ ਆਗੂਆਂ ਨੂੰ ਮਿਲਣ ਅਤੇ ਚੰਡੀਗੜ੍ਹ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਮੀਟਿੰਗ ਕਰਨ ਤੋਂ ਬਾਅਦ ਸਾਂਪਲਾ ਨੇ ਅੱਜ ਪੂਰਾ ਦਿਨ ਹੁਸ਼ਿਆਰਪੁਰ ਵਿਚ ਆਪਣੇ ਗ੍ਰਹਿ ਵਿਖੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਦੇ ਵਰਕਰਾਂ ਨਾਲ ਵਿਚਾਰ ਵਟਾਂਦਰਾ ਕੀਤਾ। ਸਾਂਪਲਾ ਨੇ ਵਰਕਰਾਂ ਤੋਂ ਉਨ੍ਹਾਂ ਦੀ ਰਾਏ ਪੁੱਛੀ ਕਿ ਉਨ੍ਹਾਂ ਦਾ ਅਗਲਾ ਕਦਮ ਕਿਸ ਦਿਸ਼ਾ ਵੱਲ ਹੋਣਾ ਚਾਹੀਦਾ ਹੈ ਪਰ ਸੂਤਰਾਂ ਅਨੁਸਾਰ ਵਰਕਰ ਵੀ ਇਕਮਤ ਨਹੀਂ ਸਨ। ਸਾਂਪਲਾ ਅਜੇ ਇਹ ਤੈਅ ਨਹੀਂ ਕਰ ਪਾ ਰਹੇ ਕਿ ਭਾਜਪਾ ਤੋਂ ਅਸਤੀਫ਼ਾ ਦੇਣ ਜਾਂ ਨਾ ਅਤੇ ਨਾ ਹੀ ਇਹ ਤੈਅ ਕਰ ਪਾ ਰਹੇ ਹਨ ਕਿ ਕਿਸ ਪਾਰਟੀ ਵਿਚ ਉਨ੍ਹਾਂ ਦਾ ਭਵਿੱਖ ਸੁਰੱਖਿਅਤ ਹੈ। ਇਹੀ ਕਾਰਨ ਹੈ ਕਿ ਅਕਾਲੀ ਲੀਡਰਸ਼ਿਪ ਕੋਲ ਹਾਮੀ ਭਰਨ ਦੇ ਬਾਅਦ ਉਹ ਫਿਰ ਲੜਖੜਾ ਗਏ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦੇ ਨਜ਼ਦੀਕੀਆਂ ਨੇ ਸ਼ੁੱਕਰਵਾਰ ਲਈ ਇਕ ਪੈਲਸ ਵੀ ਬੁੱਕ ਕਰਵਾ ਲਿਆ ਸੀ, ਜਿੱਥੇ ਸਾਂਪਲਾ ਦੀ ਨਵੀਂ ਪਾਰੀ ਦਾ ਐਲਾਨ ਹੋਣਾ ਸੀ ਪਰ ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਦੇ ਕਹਿਣ ’ਤੇ ਕਾਹਲੀ ਵਿਚ ਕੋਈ ਫ਼ੈਸਲਾ ਨਾ ਲੈਣਾ ਮੰਨ ਲਿਆ। ਇਹ ਵੀ ਪਤਾ ਲੱਗਿਆ ਹੈ ਕਿ ਪੰਜਾਬ ਕਾਂਗਰਸ ਦੇ ਕੁਝ ਲੀਡਰਾਂ ਨਾਲ ਵੀ ਉਹ ਸੰਪਰਕ ਵਿਚ ਹਨ।