ਰਾਮ ਸ਼ਰਨ ਸੂਦ
ਅਮਲੋਹ, 7 ਜੂਨ
ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਉਸ ਦੇ ਅਮਲੋਹ ਸਥਿਤ ਨਿਵਾਸ ਤੋਂ ਵਿਜੀਲੈਂਸ ਟੀਮ ਵੱਲੋਂ ਅੱਜ ਸਵੇਰੇ 3 ਵਜੇ ਗ੍ਰਿਫ਼ਤਾਰ ਕਰਨ ਉਪਰੰਤ ਵਿਜੀਲੈਂਸ ਵਿਭਾਗ ਦੇ ਇੰਸਪੈਕਟਰ ਦਵਿੰਦਰ ਸਿੰਘ ਦੀ ਅਗਵਾਈ ਹੇਠ ਉਸ ਦੇ ਨਿਵਾਸ ਸਥਾਨ ਦੀ ਕਰੀਬ ਸਵਾ 9 ਵਜੇ ਜਾਂਚ ਸ਼ੁਰੂ ਕੀਤੀ ਗਈ ਸੀ, ਜੋ ਬਾਅਦ ਦੁਪਹਿਰ 3 ਵਜੇ ਦੇ ਕਰੀਬ 6 ਘੰਟੇ ਬਾਅਦ ਸਮਾਪਤ ਹੋ ਗਈ। ਬਾਅਦ ਵਿਚ ਇੰਸਪੈਕਟਰ ਦਵਿੰਦਰ ਸਿੰਘ ਨੇ ਦੱਸਿਆ ਕਿ 2 ਸਰਕਾਰੀ ਗਵਾਹ, ਜਿਨ੍ਹਾਂ ਵਿਚ ਸਾਬਕਾ ਕੌਂਸਲਰ ਰਾਕੇਸ਼ ਕੁਮਾਰ ਸ਼ਾਹੀ ਅਤੇ ਹਰਪ੍ਰੀਤ ਸਿੰਘ ਗਿੱਲ ਸ਼ਾਮਲ ਸਨ, ਦੀ ਮੌਜੂਦਗੀ ਵਿਚ ਧਰਮਸੋਤ ਦੇ ਪੁੱਤਰ ਗੁਰਪ੍ਰੀਤ ਸਿੰਘ ਧਰਮਸੋਤ ਅਤੇ ਉਸ ਦੀ ਪਤਨੀ ਦੀ ਹਾਜ਼ਰੀ ਵਿਚ ਇਹ ਸਾਰੀ ਜਾਂਚ ਕੀਤੀ ਗਈ, ਜਿਸ ਦੌਰਾਨ ਕੋਈ ਵੱਡੀ ਰਾਸ਼ੀ ਜਾਂ ਹੋਰ ਕੀਮਤੀ ਸਾਮਾਨ ਹੱਥ ਨਹੀਂ ਲੱਗਿਆ। ਪ੍ਰਾਪਤ ਸੂਚਨਾ ਅਨੁਸਾਰ ਵਿਭਾਗ ਨੇ ਸਾਰੇ ਕਮਰਿਆਂ ਵਿਚ ਲੱਗੇ ਏਸੀ, ਪੱਖੇ ਆਦਿ ਦੀਆਂ ਕੰਪਨੀਆਂ ਦੇ ਨਾਮ, ਬੈਡ ਅਤੇ ਉਨ੍ਹਾਂ ਅੰਦਰ ਪਏ ਸਾਮਾਨ ਕੱਪੜੇ ਦੀ ਲਿਸਟ ਵੀ ਤਿਆਰ ਕੀਤੀ। ਵਿਭਾਗ ਨੂੰ 6500 ਰੁਪਏ ਦੇ ਕਰੀਬ ਨਗਦੀ ਅਤੇ ਇੱਕ ਸੋਨੇ ਦਾ ਹਾਰ ਜਾਂਚ ਦੌਰਾਨ ਮਿਲਿਆ। ਜਾਂਚ ਅਧਿਕਾਰੀ ਨੇ ਕਿਹਾ ਕਿ ਉਹ ਸਾਰੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜ ਰਹੇ ਹਨ ਅਤੇ ਬਾਕੀ ਜਾਣਕਾਰੀ ਵਿਭਾਗ ਦੇ ਮੁੱਖ ਦਫ਼ਤਰ ਵਿਚੋਂ ਹੀ ਮਿਲ ਸਕੇਗੀ।
ਤਲਾਸ਼ੀ ਦੌਰਾਨ ਕਿਸੇ ਵੀ ਵਿਅਕਤੀ ਨੂੰ ਘਰ ਦੇ ਅੰਦਰ ਜਾਂ ਬਾਹਰ ਜਾਣ ਦੀ ਇਜ਼ਾਜਤ ਨਹੀਂ ਦਿੱਤੀ ਜਾ ਰਹੀ ਹੈ। ਇਸ ਟੀਮ ਦੇ ਨਾਲ ਥਾਣਾ ਅਮਲੋਹ ਦੇ ਸਹਾਇਕ ਥਾਣੇਦਾਰ ਧਰਮਪਾਲ ਅਤੇ ਸਹਾਇਕ ਥਾਣੇਦਾਰ ਬਲਜੀਤ ਸਿੰਘ ਵੀ ਸ਼ਾਮਲ ਸਨ। ਧਰਮਸੋਤ ਦੇ ਵਕੀਲ ਸ਼ੀਤਲ ਸ਼ਰਮਾ ਵੱਲੋਂ ਪੁਲੀਸ ’ਤੇ ਦੋਸ਼ ਲਾਇਆ ਕਿ ਪੁਲੀਸ ਵੱਲੋਂ ਉਸ ਨੂੰ ਵਿਜੀਲੈਂਸ ਟੀਮ ਨੂੰ ਮਿਲਣ ਦਿੱਤਾ ਜਾ ਰਿਹਾ ਹੈ। ਵਿਜੀਲੈਂਸ ਵਿਭਾਗ ਵੱਲੋਂ ਜੰਗਲਾਤ ਵਿਭਾਗ ਦੇ ਅਮਿਤ ਚੌਹਾਨ, ਗੁਰਅਮਨਪ੍ਰੀਤ ਸਿੰਘ ਵਣ ਮੰਡਲ ਅਫ਼ਸਰ ਮੁਹਾਲੀ ਅਤੇ ਦਿਲਪ੍ਰੀਤ ਸਿੰਘ ਵਣ ਗਾਰਡ, ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ, ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ, ਚਮਕੌਰ ਸਿੰਘ ਓਐੱਸਡੀ ਧਰਮਸੋਤ, ਕਮਲਜੀਤ ਸਿੰਘ ਖੰਨਾ, ਕੁਲਵਿੰਦਰ ਸਿੰਘ ਸ਼ੇਰਗਿੱਲ ਪੀਏ ਸੰਗਤ ਸਿੰਘ ਗਿਲਜੀਆ ਅਤੇ ਸਚਿਨ ਕੁਮਾਰ ਖਿਲਾਫ਼ ਮੁਕੱਦਮਾ ਦਰਜ ਕਰਕੇ ਇਹ ਕਾਰਵਾਈ ਕੀਤੀ ਗਈ ਹੈ। ਇਸੇ ਦੌਰਾਨ ਵਿਜੀਲੈਂਸ ਵਿਭਾਗ ਦੇ ਡਾਇਰੈਕਟਰ ਵਰਿੰਦਰ ਕੁਮਾਰ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਵੱਲੋਂ ਮੁਹਾਲੀ ਦੇ ਜ਼ਿਲ੍ਹਾ ਜੰਗਲਾਤ ਅਫ਼ਸਰ ਗੁਰਅਮਨਪ੍ਰੀਤ ਸਿੰਘ ਬੈਂਸ ਅਤੇ ਠੇਕੇਦਾਰ ਹਰਮਹਿੰਦਰ ਸਿੰਘ ਉਰਫ਼ ਹੈਮੀ ਤੋਂ ਕੀਤੀ ਪੁੱਛ ਪੜਤਾਲ ਦੌਰਾਨ ਇਹ ਮਾਮਲਾ ਸਾਹਮਣੇ ਆਇਆ ਕਿ ਦਰਖ਼ੱਤਾਂ ਦੀ ਕਟਾਈ ਬਦਲੇ 500 ਰੁਪਏ ਪ੍ਰਤੀ ਦਰਖ਼ਤ ਕਥਿਤ ਰਿਸ਼ਵਤ ਲਈ ਜਾਂਦੀ ਸੀ, ਜੋ ਮੰਤਰੀ ਤੱਕ ਕਥਿਤ ਤੌਰ ’ਤੇ ਜਾਂਦੀ ਸੀ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਬਦਲੀਆਂ ਅਤੇ ਹੋਰ ਮਾਮਲਿਆਂ ਵਿਚ ਵੀ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਸਾਹਮਣੇ ਆਉਣ ਕਾਰਨ ਸ੍ਰੀ ਧਰਮਸੋਤ ਅਤੇ ਹੋਰਨਾਂ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ ਅੱਜ ਸਵੇਰੇ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਚ ਚਮਕੌਰ ਸਿੰਘ ਅਤੇ ਕਮਲਜੀਤ ਸਿੰਘ ਖੰਨਾ ਸ਼ਾਮਲ ਹਨ।