ਖੇਤਰੀ ਪ੍ਰਤੀਨਿਧ
ਪਟਿਆਲਾ 27 ਮਈ
ਕਾਂਗਰਸ ਸਰਕਾਰ ਵੇਲੇ ਪਟਿਆਲਾ ਜ਼ਿਲ੍ਹੇ ਦੇ ਪੰਜ ਪਿੰਡਾਂ ਦੀ 1103 ਏਕੜ ਜ਼ਮੀਨ ਐਕੁਆਇਰ ਕਰਨ ਮਗਰੋਂ ਜਾਰੀ ਕੀਤੇ ਗਏ ਮੁਆਵਜ਼ੇ ਦੀ ਰਕਮ ’ਚੋਂ 6.66 ਕਰੋੜ ਰੁਪਏ ਦਾ ਘੁਟਾਲਾ ਕਰਨ ਦੇ ਦੋਸ਼ ਹੇਠ ਵਿਜੀਲੈਂਸ ਬਿਊਰੋ ਦੇ ਪਟਿਆਲਾ ਸਥਿਤ ਥਾਣੇ ਵਿੱਚ 15 ਜਣਿਆਂ ਸਣੇ ਦਸ ਫਰਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਪਟਿਆਲਾ ਦੇ ਐੱਸਐੱਸਪੀ ਹਰਮੀਤ ਸਿੰਘ ਹੁੰਦਲ ਨੇ ਦੱਸਿਆ ਕਿ ਇਹ ਮਾਮਲਾ ਆਕੜੀ, ਸੇਹਰਾ, ਸੇਹਰੀ, ਤਖਤੂਮਾਜਰਾ ਅਤੇ ਪੱਬਰਾ ਪਿੰਡਾਂ ਨਾਲ ਸਬੰਧਤ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ’ਚ ਆਕੜੀ ਦੀ ਸਰਪੰਚ ਹਰਜੀਤ ਕੌਰ, ਪੰਚ ਚਰਨਜੀਤ ਕੌਰ, ਅਵਤਾਰ ਸਿੰਘ, ਸੁਖਵਿੰਦਰ ਸਿੰਘ, ਦਰਸ਼ਨ ਸਿੰਘ ਤੇ ਕੁਲਵਿੰਦਰ ਕੌਰ, ਸੇਹਰੀ ਦੇ ਸਰਪੰਚ ਮਨਜੀਤ ਸਿੰਘ, ਪੰਚ ਜਤਿੰਦਰ ਰਾਣੀ, ਲਖਵੀਰ ਸਿੰਘ ਤੇ ਪਵਨਦੀਪ ਕੌਰ, ਜੇਈ ਧਰਮਿੰਦਰ ਕੁਮਾਰ, ਦੋ ਪੰਚਾਇਤ ਸਕੱਤਰ ਜਸਵਿੰਦਰ ਸਿੰਘ ਤੇ ਲਖਮਿੰਦਰ ਸਿੰਘ ਸਣੇ ਕੁਲਦੀਪ ਸਿੰਘ, ਇੰਦਰਜੀਤ ਗਿਰ, ਜੁਗਨੂੰ ਕੁਮਾਰ ਤੇ ਸੁਖਵਿੰਦਰ ਗਿਰ ਵਾਸੀਆਨ ਰਾਜਪੁਰਾ ਸ਼ਾਮਲ ਹਨ। ਦਿਨੇਸ਼ ਕੁਮਾਰ ਬਾਂਸਲ ਕੰਟਰੈਕਟਰ ਬਸੀ ਪਠਾਣਾਂ, ਗਿੱਲ ਟਰੇਡਿੰਗ ਕੰਪਨੀ ਪਟਿਆਲਾ, ਫੈਲਕਨ ਐਂਟਰਪ੍ਰਾਈਜਿਜ਼ ਮੁਹਾਲੀ, ਇਨੋਵੇਸ਼ਨ ਸਲਿਊਸ਼ਨ ਪਟਿਆਲਾ, ਭੋਲੇ ਨਾਥ ਬਿਲਡਿੰਗ ਉਪਲਹੇੜੀ, ਵਰੁਣ ਸਿੰਗਲਾ ਕੰਟਰੈਕਟਰ ਤੇ ਸਪਲਾਇਰ ਬਸੀ ਪਠਾਣਾਂ, ਆਰਬੀ ਬਿਲਡਿੰਗ ਮੈਟੀਰੀਅਲਜ਼ ਪਟਿਆਲਾ, ਐੱਸਐੱਸਡੀਐੱਨ ਬਿਲਡਿੰਗ ਮੈਟੀਰੀਅਲਜ਼ ਪਟਿਆਲਾ, ਬਿਮਲ ਕੰਸਟਰੱਕਸ਼ਨ ਸਰਾਏ ਬੰਜਾਰਾ ਤੇ ਚੋਪੜਾ ਪਬਲਿਕ ਹਾਊਸ ’ਤੇ ਆਧਾਰਤ ਫਰਮਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਕਾਂਗਰਸ ਸਰਕਾਰ ਦੇ ਅੰਤਲੇ ਦਿਨਾਂ ਦੌਰਾਨ ਇਸ ਘੁਟਾਲੇ ਸਬੰਧੀ ਚਰਚਾ ਉਭਰੀ ਸੀ, ਪਰ ਹੁਣ ਮਾਨ ਸਰਕਾਰ ਨੇ ਜਾਂਚ ਕਰਵਾਈ ਹੈ।