ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 8 ਅਕਤੂਬਰ
ਦਾਣਾ ਮੰਡੀ ਟਰਾਂਸਪੋਟੇਸ਼ਨ ਟੈਂਡਰ ਘੁਟਾਲੇ ਸਬੰਧੀ ਵਿਜੀਲੈਂਸ ਦੀ ਟੀਮ ਨੇ ਭਾਰਤ ਭੂਸ਼ਣ ਆਸ਼ੂ ਦੇ ਮੰਤਰੀ ਹੁੰਦਿਆਂ ਫੂਡ ਸਪਲਾਈ ਵਿਭਾਗ ਵਿੱਚ ਕੰਮ ਕਰਨ ਵਾਲੇ ਕੁਝ ਮੁਲਾਜ਼ਮਾਂ ਨੂੰ ਅੱਜ ਚੰਡੀਗੜ੍ਹ ਤੋਂ ਬੁਲਾ ਕੇ ਮੁੜ ਪੁੱਛ-ਪੜਤਾਲ ਕੀਤੀ। ਸੂਤਰਾਂ ਅਨੁਸਾਰ ਇਨ੍ਹਾਂ ਕੋਲੋਂ ਸਿੱਧੇ ਤੌਰ ’ਤੇ ਦਾਣਾ ਮੰਡੀ ਟਰਾਂਸਪੋਟੇਸ਼ਨ ਟੈਂਡਰ ਘੁਟਾਲੇ ਸਬੰਧੀ ਸਵਾਲ ਕੀਤੇ ਗਏ। ਇਨ੍ਹਾਂ ਕੋਲੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਵਿਜੀਲੈਂਸ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ’ਤੇ ਸ਼ਿਕੰਜਾ ਹੋਰ ਕੱਸਣ ਦੀ ਤਿਆਰੀ ਕਰ ਲਈ ਹੈ। ਜਾਣਕਾਰੀ ਅਨੁਸਾਰ ਵਿਜੀਲੈਂਸ ਟੀਮ ਵੱਲੋਂ ਵਿਭਾਗ ਦੇ ਹੋਰ ਮੁਲਾਜ਼ਮਾਂ ਤੋਂ ਵੀ ਪੁੱਛ-ਪੜਤਾਲ ਕੀਤੀ ਜਾ ਸਕਦੀ ਹੈ। ਇਸ ਮਾਮਲੇ ’ਚ ਸਭ ਤੋਂ ਅਹਿਮ ਕੜੀ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪੀਏ ਮੀਨੂ ਪੰਕਜ ਮਲਹੋਤਰਾ ਅਤੇ ਇੰਦਰਜੀਤ ਇੰਦੀ ਹਾਲੇ ਵਿਜੀਲੈਂਸ ਹੱਥ ਨਹੀਂ ਲੱਗੇ ਪਰ ਵਿਜੀਲੈਂਸ ਅਧਿਕਾਰੀਆਂ ਨੇ ਮੁਲਜ਼ਮਾਂ ਖ਼ਿਲਾਫ਼ ਅਦਾਲਤ ਤੋਂ ਵਾਰੰਟ ਲੈ ਲਏ ਹਨ। ਇਸ ਦੌਰਾਨ ਇੱਕ ਟੀਮ ਵੱਲੋਂ ਚੌਲਾਂ ਦੀ ਗੁਣਵੱਤਾ ਦੀ ਵੀ ਜਾਂਚ ਕੀਤੀ ਗਈ। ਵਿਜੀਲੈਂਸ ਨੇ ਝੋਨੇ ਦੇ ਜਿਹੜੇ ਸੈਂਪਲਾਂ ਜਾਂਚ ਲਈ ਭੇਜੇ ਸਨ, ਉਸ ਦੀ ਰਿਪੋਰਟ ਵੀ ਤਿਆਰ ਹੋ ਗਈ ਹੈ, ਜੋ ਜਲਦੀ ਅਦਾਲਤ ’ਚ ਪੇਸ਼ ਕੀਤੀ ਜਾਵੇਗੀ। ਚਰਚਾ ਹੈ ਕਿ ਰਿਪੋਰਟ ’ਚ ਝੋਨੇ ਦੀ ਘਟੀਆ ਕੁਆਲਟੀ ਹੋਣ ਦੀ ਗੱਲ ਲਿਖੀ ਗਈ ਹੈ ਪਰ ਹਾਲੇ ਇਸ ਬਾਰੇ ਕੁਝ ਖੁਲਾਸਾ ਨਹੀਂ ਹੋਇਆ। ਕਿਆਸ ਲਾਏ ਜਾ ਰਹੇ ਹਨ ਕਿ ਇਸ ਰਿਪੋਰਟ ਦੇ ਪੇਸ਼ ਹੋਣ ਤੋਂ ਬਾਅਦ ਇਸ ਮਾਮਲੇ ’ਚ ਵੱਡਾ ਖੁਲਾਸਾ ਹੋਵੇਗਾ।