ਗਗਨ ਅਰੋੜਾ
ਲੁਧਿਆਣਾ, 17 ਸਤੰਬਰ
ਦਾਣਾ ਮੰਡੀ ਟਰਾਂਸਪੋਟੇਸ਼ਨ ਘੁਟਾਲੇ ਵਿੱਚ ਵਿਜੀਲੈਂਸ ਵੱਲੋਂ ਗ੍ਰਿਫ਼ਤਾਰੀ ਤੋਂ ਬਾਅਦ ਰਿਮਾਂਡ ’ਤੇ ਲਏ ਆੜ੍ਹਤੀਏ ਕ੍ਰਿਸ਼ਨ ਲਾਲ ਧੋਤੀਵਾਲੇ ਦੇ ਸ਼ੈੱਲਰਾਂ ਵਿੱਚ ਅੱਜ ਵਿਜੀਲੈਂਸ ਦੀ ਟੀਮ ਨੇ ਛਾਪੇ ਮਾਰੇ। ਇਸ ਦੌਰਾਨ ਸ਼ੈਲਰਾਂ ਵਿੱਚੋਂ ਯੂਪੀ ਸਰਕਾਰ ਦਾ ਬਾਰਦਾਨਾ ਮਿਲਿਆ। ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਟੀਮ ਨੂੰ ਪੁੱਛ-ਪੜਤਾਲ ਵਿੱਚ ਆੜ੍ਹਤੀਏ ਕ੍ਰਿਸ਼ਨ ਲਾਲ ਨੇ ਮੰਨਿਆ ਹੈ ਕਿ ਉਹ ਬਾਹਰੀ ਸੂਬਿਆਂ ਤੋਂ ਮਾੜੀ ਕੁਆਲਿਟੀ ਦਾ ਝੋਨਾ ਸਸਤੇ ਭਾਅ ’ਤੇ ਲਿਆ ਕੇ ਪੰਜਾਬ ਵਿੱਚ ਵਧੀਆ ਝੋਨੇ ਵਿੱਚ ਰਲਾ ਕੇ ਮਹਿੰਗੇ ਭਾਅ ’ਤੇ ਵੇਚਦਾ ਸੀ। ਉਸ ਨੇ ਇਹ ਵੀ ਦੱਸਿਆ ਕਿ ਪਿਛਲੇ ਸਾਲ ਇਨ੍ਹਾਂ ਨੇ ਮਿਲ ਕੇ ਯੂਪੀ ਤੋਂ ਕਾਫ਼ੀ ਵੱਡੀ ਮਾਤਰਾ ਵਿੱਚ ਝੋਨਾ ਲਿਆਂਦਾ ਸੀ। ਵਿਜੀਲੈਂਸ ਦੀ ਟੀਮ ਨੇ ਅੱਜ ਆੜ੍ਹਤੀਏ ਦੇ ਸ਼ੈਲਰ ਗਣਪਤੀ ਐਗਰੋ ਰਾਈਸ ਮਿਲ, ਕੇਐੱਲ ਐਗਰੋ, ਸੁਰਿੰਦਰ ਐਗਰੋ ਤੇ ਸਿੰਗਲਾ ਐਗਰੋ ’ਤੇ ਛਾਪੇ ਮਾਰੇ, ਜਿਥੋਂ ਯੂਪੀ ਸਰਕਾਰ ਦਾ 2021 ਵਾਲਾ ਬਾਰਦਾਨਾ ਬਰਾਮਦ ਹੋਇਆ ਹੈ। ਇਸੇ ਦੌਰਾਨ ਅੱਜ ਟਰਾਂਸਪੋਟੇਸ਼ਨ ਟੈਂਡਰ ਘੁਟਾਲੇ ਵਿੱਚ ਗ੍ਰਿਫ਼ਤਾਰ ਕੀਤੇ ਮੁੱਲਾਂਪੁਰ ਦੇ ਆੜ੍ਹਤੀਏ ਕ੍ਰਿਸ਼ਨ ਲਾਲ ਧੋਤੀਵਾਲੇ ਨੂੰ ਅਦਾਲਤ ਨੇ ਤਿੰਨ ਦਿਨ ਦੇ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਹੈ। ਹੁਣ ਤੱਕ ਵਿਜੀਲੈਂਸ ਦੀ ਟੀਮ ਵੱਲੋਂ ਟੈਂਡਰ ਘੁਟਾਲੇ ਵਿੱਚ ਇਹ ਤੀਜੀ ਗ੍ਰਿਫ਼ਤਾਰੀ ਕੀਤੀ ਗਈ ਹੈ। ਕ੍ਰਿਸ਼ਨ ਲਾਲ ਦਾ ਦੋਸ਼ ਹੈ ਕਿ ਉਹ ਬਾਹਰੋਂ ਆਉਣ ਵਾਲੀ ਕਣਕ ਤੇ ਝੋਨੇ ਦੀ ਫਸਲ ਦੇ ਬੋਗਸ ਬਿੱਲ ਤਿਆਰ ਕਰਦਾ ਸੀ ਤੇ ਸਾਰੀ ਸੈਟਿੰਗ ਦਾ ਜ਼ਿੰਮਾ ਉਸ ਦਾ ਸੀ। ਆੜ੍ਹਤੀ ਕ੍ਰਿਸ਼ਨ ਲਾਲ ਦੀ ਗ੍ਰਿਫ਼ਤਾਰੀ ਹੋਣ ਤੋਂ ਬਾਅਦ ਜਿੱਥੇ ਸ਼ੈੱਲਰ ਮਾਲਕਾਂ ਦੀਆਂ ਪ੍ਰੇਸ਼ਾਨੀ ਵੱਧ ਗਈਆਂ ਹਨ, ਉੱਥੇ ਉਨ੍ਹਾਂ ਦੇ ਸੰਪਰਕ ’ਚ ਰਹੇ ਕਈ ਵੱਡੇ ਆਗੂ ਅਤੇ ਵੱਡੇ ਵਪਾਰੀ ਵੀ ਪ੍ਰੇਸ਼ਾਨ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਦੀ ਟੀਮ ਇਸ ਮਾਮਲੇ ਵਿੱਚ ਹੋਰ ਵੀ ਵੱਡੇ ਖੁਲਾਸੇ ਕਰ ਸਕਦੀ ਹੈ। ਜਿਸ ਵੇਲੇ ਵਿਜੀਲੈਂਸ ਦੀ ਟੀਮ ਨੇ ਆੜ੍ਹਤੀਏ ਕ੍ਰਿਸ਼ਨ ਲਾਲ ਨੂੰ ਗ੍ਰਿਫ਼ਤਾਰ ਕੀਤਾ ਸੀ।
ਦੂਜੇ ਸੂਬਿਆਂ ਤੋਂ ਸਸਤਾ ਝੋਨਾ ਲਿਆ ਕੇ ਵੇਚਿਆ ਜਾਂਦਾ ਸੀ ਮਹਿੰਗੇ ਭਾਅ
ਵਿਜੀਲੈਂਸ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਕ੍ਰਿਸ਼ਨ ਲਾਲ ਉਤਰ ਪ੍ਰਦੇਸ਼ ਅਤੇ ਬਿਹਾਰ ਤੋਂ ਸਸਤੇ ਭਾਅ ’ਤੇ ਝੋਨਾ ਖਰੀਦ ਕੇ ਪੰਜਾਬ ਵਿੱਚ ਮਹਿੰਗੇ ਭਾਅ ’ਤੇ ਵੇਚਦਾ ਸੀ। ਐੱਸਐੱਸਪੀ ਵਿਜੀਲੈਂਸ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਕ੍ਰਿਸ਼ਨ ਲਾਲ ਆੜ੍ਹਤੀ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਹੁਣ ਤੱਕ ਦੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਜਾਅਲੀ ਬਿਲਿੰਗ ਦੇ ਰਾਹੀਂ ਹੀ ਸਾਰਾ ਵਪਾਰ ਕੀਤਾ ਜਾ ਰਿਹਾ ਹੈ। ਉਸ ਤੋਂ ਲਗਾਤਾਰ ਟੀਮ ਜਾਂਚ ਕਰਨ ’ਚ ਲੱਗੀ ਹੋਈ ਹੈ। ਜਲਦੀ ਹੀ ਕਈ ਵੱਡੇ ਰਾਜ਼ ਖੁੱਲ੍ਹ ਜਾਣਗੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਮੁੱਖ ਕੜੀ ਸਾਬਕਾ ਮੰਤਰੀ ਆਸ਼ੂ ਦੇ ਪੀਏ ਮੀਨੂੰ ਪੰਕਜ ਮਲਹੋਤਰਾ ਅਤੇ ਨਜ਼ਦੀਕੀ ਸਾਥੀ ਇੰਦਰਜੀਤ ਇੰਦੀ ਨਾਲ ਜੁੜਨੀ ਹੈ, ਜੋ ਕਿ ਹਾਲੇ ਫ਼ਰਾਰ ਹਨ।