ਗਗਨਦੀਪ ਅਰੋੜਾ
ਲੁਧਿਆਣਾ, 5 ਅਕਤੂਬਰ
ਮੁੱਖ ਅੰਸ਼
- ਸੰਧੂ ਦੇ ਮੁੱਲਾਂਪੁਰ ਦਾਖਾ ਘਰ ਅਤੇ ਦਫ਼ਤਰ ਦੀ ਤਲਾਸ਼ੀ
- ਵਿਜੀਲੈਂਸ ਵੱਲੋਂ ਸੰਧੂ ਦੇ ਸਾਲੇ ਦੀ ਭਾਲ ਵੀ ਜਾਰੀ
ਸ਼ਹਿਰ ਦੇ ਸਿੱਧਵਾਂ ਬੇਟ ਇਲਾਕੇ ’ਚ ਸੋਲਰ ਸਟਰੀਟ ਲਾਈਟ ਘੁਟਾਲੇ ਵਿੱਚ ਕਾਂਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ ਨੂੰ ਨਾਜ਼ਮਦ ਕਰਨ ਤੋਂ ਬਾਅਦ ਵਿਜੀਲੈਂਸ ਦੀ ਟੀਮ ਨੇ ਅੱਜ ਉਸ ਦੀ ਭਾਲ ’ਚ ਵੱਖ ਵੱਖ ਥਾਈਂ ਛਾਪੇ ਮਾਰੇ ਹਨ। ਸੂਤਰਾਂ ਅਨੁਸਾਰ ਵਿਜੀਲੈਂਸ ਟੀਮ ਨੇ ਕੈਪਟਨ ਸੰਦੀਪ ਸੰਧੂ ਦੀ ਭਾਲ ’ਚ ਮੁੱਲਾਂਪੁਰ ਸਥਿਤ ਉਨ੍ਹਾਂ ਦੇ ਘਰ ਅਤੇ ਦਫ਼ਤਰ ’ਚ ਛਾਪੇ ਮਾਰੇ ਪਰ ਉਹ ਨਹੀਂ ਮਿਲੇ। ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਨੇ ਕੁੱਝ ਲੋਕਾਂ ਤੋਂ ਸੰਦੀਪ ਸੰਧੂ ਬਾਰੇ ਪੁੱਛਗਿਛ ਕਰਕੇ ਜਾਣਕਾਰੀ ਹਾਸਲ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ। ਵਿਜੀਲੈਂਸ ਦੀ ਟੀਮ ਲਗਾਤਾਰ ਕੈਪਟਨ ਸੰਦੀਪ ਸੰਧੂ ਦੇ ਨਾਲ-ਨਾਲ ਉਨ੍ਹਾਂ ਦੇ ਸਾਲੇ ਕਹੇ ਜਾਂਦੇ ਹਰਪ੍ਰੀਤ ਦਾ ਵੀ ਪਤਾ ਲਾਉਣ ’ਚ ਲੱਗੀ ਹੋਈ ਹੈ। ਇਸ ਤੋਂ ਇਲਾਵਾ ਨਾਭਾ ਦੇ ਅਮਰ ਇਲੈਕਟ੍ਰਾਨਿਕਸ ਦੇ ਗੌਰਵ ਸ਼ਰਮਾ ਦੀ ਭਾਲ ਵੀ ਕੀਤੀ ਜਾ ਰਹੀ ਹੈ। ਪੁਲੀਸ ਦਾ ਦਾਅਵਾ ਹੈ ਕਿ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਉਧਰ, ਬੀਡੀਪੀਓ ਤਲਵਿੰਦਰ ਸਿੰਘ ਕੰਗ, ਬਲਾਕ ਸਮਿਤੀ ਚੇਅਰਮੈਨ ਲਖਵਿੰਦਰ ਸਿੰਘ ਤੇ ਬੀਡੀਪੀਓ ਤੇਜਾ ਸਿੰਘ ਨੂੰ ਅਦਾਲਤ ’ਚ ਪੇਸ਼ ਕੀਤਾ ਤੇ ਉਨ੍ਹਾਂ ਤਿੰਨਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਦੇ ਆਗੂ ਵੱਲੋਂ ਦਿੱਤੀ ਗਈ ਸ਼ਿਕਾਇਤ ਤੋਂ ਬਾਅਦ ਵਿਜੀਲੈਂਸ ਟੀਮ ਨੇ ਸੋਲਰ ਸਟਰੀਟ ਲਾਈ ਘੁਟਾਲੇ ਦੇ ਦੋਸ਼ਾਂ ਦੀ ਜਾਂਚ ਕੀਤੀ, ਜਿਸ ਦੌਰਾਨ ਪੁਲੀਸ ਨੇ ਬੀਡੀਪੀਓ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਤੋਂ ਬਾਅਚ ਚੇਅਰਮੈਨ ਨੂੰ ਵੀ ਨਾਮਜ਼ਦ ਕਰ ਲਿਆ ਗਿਆ ਹੈ। ਪੁਲੀਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬੀਡੀਓ ਤੇਜਾ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਤੋਂ ਬਾਅਦ ਹੀ ਕਿਆਸ ਲਾਏ ਜਾ ਰਹੇ ਸਨ ਕਿ ਕੈਪਟਨ ਸੰਦੀਪ ਸੰਧੂ ਨੂੰ ਕਿਸੇ ਵੀ ਸਮੇਂ ਨਾਮਜ਼ਦ ਕੀਤਾ ਜਾ ਸਕਦਾ ਹੈ। ਹੁਣ ਸੰਦੀਪ ਸੰਧੂ ਨਾਜ਼ਮਦ ਹੋਣ ਤੋਂ ਬਾਅਦ ਰੂਪੋਸ਼ ਹੋ ਗਏ ਹਨ। ਸੂਤਰਾਂ ਅਨੁਸਾਰ ਮੁੱਲਾਂਪੁਰ ਦਾਖਾ ਵਿੱਚ ਸੰਧੂ ਦੀ ਰਿਹਾਇਸ਼ ਤੋਂ ਵਿਜੀਲੈਂਸ ਨੂੰ ਕੁਝ ਕਾਗਜ਼ਾਤ ਮਿਲੇ। ਸੂਤਰ ਦੱਸਦੇ ਹਨ ਕਿ ਇਹ ਕਾਗਜ਼ਾਤ ਸਟਰੀਟ ਲਾਈਟ ਘੁਟਾਲੇ ਨਾਲ ਸੰਬੰਧਤ ਹਨ। ਕੈਪਟਨ ਸੰਦੀਪ ਸੰਧੂ, ਉਨ੍ਹਾਂ ਦੇ ਰਿਸ਼ਤੇਦਾਰ ਹਰਪ੍ਰੀਤ ਸਿੰਘ ’ਤੇ ਦੋਸ਼ ਹਨ ਕਿ ਉਨ੍ਹਾਂ ਦੇ ਆਖੇ ਜਾਣ ’ਤੇ ਹੀ ਟੈਂਡਰ ਕਿਸ ਨੂੰ ਦਿੱਤਾ ਜਾਣਾ ਹੈ, ਤੈਅ ਹੋਇਆ ਸੀ। ਹੁਣ ਦੋਹਾਂ ਦੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਮੁੱਲਾਂਪੁਰ, ਜਗਰਾਉਂ ਤੇ ਰਾਏਕੋਟ ਦੇ ਕਈ ਕਾਂਗਰਸੀ ਆਗੂਆਂ ਦੇ ਨਾਂ ਵੀ ਸਾਹਮਣੇ ਆ ਸਕਦੇ ਹਨ। ਕੈਪਟਨ ਸੰਧੂ ਵਿਰੁੱਧ ਵਿਜੀਲੈਂਸ ਕਾਰਵਾਈ ਬਾਅਦ ਲੁਧਿਆਣਾ ਦੇ ਕਈ ਕਾਂਗਰਸੀ ਆਗੂ ਵੀ ਰੂਪੋਸ਼ ਹੋ ਗਏ ਹਨ।