ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 8 ਅਕਤੂਬਰ
ਵਿਜੀਲੈਂਸ ਬਿਊਰੋ ਦੀ ਇੱਕ ਵਿਸ਼ੇਸ਼ ਟੀਮ ਨੇ ਅੱਜ ਸਿੱਧਵਾਂ ਬੇਟ ਖੇਤਰ ਦੇ ਪਿੰਡਾਂ ਦੀਆਂ ਗਲੀਆਂ ਵਿੱਚ ਸੋਲਰ ਲਾਈਟਾਂ ਦੇ ਪ੍ਰਾਜੈਕਟ ਵਿੱਚ ਹੋਏ ਕਥਿਤ ਘੁਟਾਲੇ ਦੇ ਮਾਮਲੇ ਵਿੱਚ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਕਾਂਗਰਸ ਦੇ ਸੂਬਾ ਸਕੱਤਰ ਕੈਪਟਨ ਸੰਦੀਪ ਸੰਧੂ ਦੀ ਮੁਹਾਲੀ ਦੇ ਫੇਜ਼-10 ਰਿਹਾਇਸ਼ ’ਤੇ ਅਚਾਨਕ ਛਾਪਾ ਮਾਰਿਆ। ਵਿਜੀਲੈਂਸ ਟੀਮ ਮਾਮਲੇ ਵਿੱਚ ਨਾਮਜ਼ਦ ਛੇ ਵਿੱਚੋਂ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਅਤੇ ਹੁਣ ਕਾਂਗਰਸੀ ਆਗੂ ਸੰਦੀਪ ਸੰਧੂ ਦੀਆਂ ਮੁਸ਼ਕਲਾਂ ਵੀ ਵਧਦੀਆਂ ਜਾ ਰਹੀਆਂ ਹਨ।
ਵਿਜੀਲੈਂਸ ਟੀਮ ਨੇ ਕੈਪਟਨ ਸੰਧੂ ਦੀ ਰਿਹਾਇਸ਼ ’ਤੇ ਛਾਪੇ ਦੌਰਾਨ ਲਗਪਗ ਇੱਕ ਘੰਟਾ ਜਾਂਚ ਕੀਤੀ। ਇਸ ਕਾਰਵਾਈ ਸਮੇਂ ਕੈਪਟਨ ਸੰਧੂ ਘਰ ਮੌਜੂਦ ਨਹੀਂ ਸਨ ਪਰ ਉਨ੍ਹਾਂ ਦੀ ਪਤਨੀ ਘਰ ਵਿੱਚ ਹੀ ਸੀ। ਸੂਤਰਾਂ ਮੁਤਾਬਕ ਕੁਝ ਦਿਨ ਪਹਿਲਾਂ ਹੀ ਕੈਪਟਨ ਸੰਧੂ ਦੀ ਲੁਧਿਆਣਾ ਸਥਿਤ ਇੱਕ ਰਿਹਾਇਸ਼ ’ਤੇ ਵੀ ਵਿਜੀਲੈਂਸ ਦੀ ਟੀਮ ਨੇ ਦਸਤਕ ਦਿੱਤੀ ਸੀ। ਉਸ ਦਿਨ ਤੋਂ ਕਾਂਗਰਸ ਆਗੂ ਆਪਣੀ ਗ੍ਰਿਫ਼ਤਾਰੀ ਦਾ ਖ਼ਦਸ਼ਾ ਪ੍ਰਗਟ ਕਰਦੇ ਹੋਏ ਰੂਪੋਸ਼ ਹੋਏ ਦੱਸੇ ਜਾ ਰਹੇ ਹਨ।
ਦੱਸਣਯੋਗ ਕਿ ਵਿਜੀਲੈਂਸ ਵੱਲੋਂ ਲੰਘੀ 27 ਸਤੰਬਰ ਨੂੰ ਦਰਜ ਉਕਤ ਮਾਮਲੇ ਵਿੱਚ ਹੁਣ ਤੱਕ 6 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਜਿਨ੍ਹਾਂ ’ਚੋਂ ਸਿੱਧਵਾਂ ਬੇਟ ਦੇ ਬੀਡੀਪੀਓ ਸਤਵਿੰਦਰ ਸਿੰਘ ਕੰਗ, ਬਲਾਕ ਸਮਿਤੀ ਚੇਅਰਮੈਨ ਲਖਵਿੰਦਰ ਸਿੰਘ ਸਮੇਤ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਵਿਜੀਲੈਂਸ ਹੁਣ ਕਿਸੇ ਵੀ ਵੇਲੇ ਪੁੱਛ-ਪੜਤਾਲ ਲਈ ਕੈਪਟਨ ਸੰਧੂ ਨੂੰ ਵਿਜੀਲੈਂਸ ਭਵਨ ਵਿੱਚ ਤਲਬ ਕਰ ਸਕਦੀ ਹੈ। ਉਂਜ ਵਿਜੀਲੈਂਸ ਨੇ ਸੋਲਰ ਲਾਈਟ ਘੁਲਾਟੇ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਆਗੂ ਦੀ ਸ਼ੱਕੀ ਭੂਮਿਕਾ ਬਾਰੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਇਸ ਸਬੰਧੀ ਜਦੋਂ ਪੱਤਰਕਾਰਾਂ ਨੇ ਵਿਜੀਲੈਂਸ ਟੀਮ ਦੀ ਅਗਵਾਈ ਕਰ ਰਹੇ ਇੱਕ ਅਧਿਕਾਰੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਸਿਰਫ਼ ਐਨਾ ਹੀ ਕਿਹਾ ਕਿ ਉਹ ਸਰਕਾਰੀ ਡਿਊਟੀ ’ਤੇ ਹਨ। ਇਸ ਲਈ ਮੀਡੀਆ ਨਾਲ ਕੋਈ ਜਾਣਕਾਰੀ ਸਾਂਝੀ ਨਹੀਂ ਕਰ ਸਕਦੇ। ਜ਼ਿਲ੍ਹਾ ਪੁਲੀਸ ਦੀ ਇੱਕ ਮਹਿਲਾ ਏਐੱਸਆਈ ਨੇ ਦੱਸਿਆ ਕਿ ਅੱਜ ਕੈਪਟਨ ਸੰਧੂ ਦੇ ਘਰ ਛਾਪੇ ਦੌਰਾਨ ਵਿਜੀਲੈਂਸ ਦੀ ਟੀਮ ਉਨ੍ਹਾਂ ਨੂੰ ਆਪਣੇ ਨਾਲ ਲੈ ਕੇ ਆਈ ਸੀ ਪਰ ਤਲਾਸ਼ੀ ਦੌਰਾਨ ਸੰਧੂ ਦੇ ਘਰ ’ਚੋਂ ਕੋਈ ਵੀ ਇਤਰਾਜ਼ਯੋਗ ਚੀਜ਼ ਜਾਂ ਦਸਤਾਵੇਜ਼ ਨਹੀਂ ਮਿਲਿਆ। ਸੂਤਰ ਦੱਸਦੇ ਹਨ ਕਿ ਸਿੱਧਵਾਂ ਬੇਟ ਦੇ ਪਿੰਡਾਂ ਵਿੱਚ ਲਾਈਟਾਂ ਲਾਉਣ ਲਈ ਕੈਪਟਨ ਸੰਧੂ ਨੇ ਵੀ ਠੇਕੇਦਾਰ ਨਾਲ ਗੱਲ ਕਰਵਾਈ ਸੀ। ਵਿਜੀਲੈਂਸ ਮਾਮਲੇ ਦੀ ਵੱਖ-ਵੱਖ ਪਹਿਲੂਆਂ ’ਤੇ ਡੂੰਘਾਈ ਜਾਂਚ ਪੜਤਾਲ ਕਰ ਰਹੀ ਹੈ। ਇਹੀ ਨਹੀਂ ਦਾਖਾ ਹਲਕੇ ਦੀ ਜ਼ਿਮਨੀ ਚੋਣ ਤੋਂ ਬਾਅਦ ਪਿਛਲੀਆਂ ਚੋਣਾਂ ਤੱਕ ਹਲਕਾ ਦਾਖਾ ਵਿੱਚ ਵਿਕਾਸ ਕੰਮਾਂ ਲਈ ਕਰੋੜਾਂ ਰੁਪਏ ਦੀਆਂ ਗਰਾਂਟਾਂ ਜਾਰੀ ਕੀਤੀਆਂ ਗਈਆਂ ਸਨ। ਇਨ੍ਹਾਂ ’ਚੋਂ ਜ਼ਿਆਦਾਤਰ ਗਰਾਂਟਾਂ ਵਿੱਚ ਘਪਲੇਬਾਜ਼ੀ ਦਾ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਜਦੋਂਕਿ ਵਿਜੀਲੈਂਸ ਵੱਲੋਂ ਖੇਡ ਕਿੱਟਾਂ ਮਾਮਲੇ ਦੀ ਵੱਖਰੇ ਤੌਰ ’ਤੇ ਜਾਂਚ ਕੀਤੀ ਰਹੀ ਹੈ।