ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 22 ਅਗਸਤ
ਵਿਜੀਲੈਂਸ ਵਿਭਾਗ ਵੱਲੋਂ ਭ੍ਰਿਸ਼ਟਾਚਾਰ ਤੇ ਐੱਨਡੀਪੀਐਸ ਮਾਮਲੇ ਸਬੰਧੀ ਇੱਕ ਕੇਸ ਦੀ ਕੀਤੀ ਜਾ ਰਹੀ ਜਾਂਚ ਵਿੱਚ ਅੱਜ ਪੁਲੀਸ ਅਕੈਡਮੀ ਫਿਲੌਰ ਵਿੱਚ ਤਾਇਨਾਤ ਡੀਆਈਜੀ ਇੰਦਰਬੀਰ ਸਿੰਘ ਕੋਲੋਂ ਪੁੱਛ ਪੜਤਾਲ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ 30 ਜੂਨ ਨੂੰ ਭਿੱਖੀਵਿੰਡ ਪੁਲੀਸ ਨੇ ਸੁਰਜੀਤ ਸਿੰਘ ਵਾਸੀ ਪਿੰਡ ਮਾੜੀ ਮੇਘਾ ਨੂੰ 900 ਗਰਾਮ ਅਫੀਮ ਸਣੇ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਕੀਤੀ ਪੁੱਛ ਪੜਤਾਲ ਦੇ ਆਧਾਰ ’ਤੇ ਪਿਸ਼ੌਰਾ ਸਿੰਘ ਨਾਂ ਦਾ ਵਿਅਕਤੀ ਕਾਬੂ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਹੁਣ ਤੱਕ ਕੀਤੀ ਜਾਂਚ ਵਿੱਚ ਡੀਆਈਜੀ ਇੰਦਰਬੀਰ ਸਿੰਘ ਦਾ ਨਾਮ ਸਾਹਮਣੇ ਆਇਆ ਸੀ ਜਿਨ੍ਹਾਂ ਕੋਲੋਂ ਅੱਜ ਪੁੱਛ ਪੜਤਾਲ ਕੀਤੀ ਗਈ ਹੈ। ਇਸ ਦੌਰਾਨ ਡੀਆਈਜੀ ਇੰਦਰਬੀਰ ਸਿੰਘ ਨੇ ਖ਼ੁਦ ’ਤੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਆਖਿਆ ਕਿ ਉਨ੍ਹਾਂ ਆਪਣਾ ਪੱਖ ਜਾਂਚ ਟੀਮ ਕੋਲ ਰੱਖ ਦਿੱਤਾ ਹੈ।