ਪੱਤਰ ਪ੍ਰੇਰਕ
ਰੂਪਨਗਰ, 15 ਜੂਨ
ਜੰਗਲਾਤ ਵਿਭਾਗ ਦੇ ਰਕਬੇ ਵਿੱਚੋਂ ਗ਼ੈਰਕਾਨੂੰਨੀ ਢੰਗ ਨਾਲ ਖਣਨ ਕਰਨ ਦੇ ਦੋਸ਼ ਹੇਠ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨੇੜਲੇ ਇਕਬਾਲ ਸਿੰਘ ਸਾਲਾਪੁਰ ਨੂੰ ਚਮਕੌਰ ਸਾਹਿਬ ਪੁਲੀਸ ਵੱਲੋਂ ਗ੍ਰਿਫ਼ਤਾਰ ਕੀਤੇ ਜਾਣ ਮਗਰੋਂ ਹੁਣ ਵਿਜੀਲੈਂਸ ਦੀ ਟੀਮ ਵੀ ਉਕਤ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ। ਮੁਹਾਲੀ ਅਤੇ ਰੂਪਨਗਰ ਵਿਜੀਲੈਂਸ ਵੱਲੋਂ ਅੱਜ ਸਾਂਝੇ ਤੌਰ ’ਤੇ ਜਿੰਦਾਪੁਰ ’ਚ ਹੋਏ ਗ਼ੈਰਕਾਨੂੰਨੀ ਖਣਨ ਦੀ ਜਾਂਚ ਆਰੰਭ ਦਿੱਤੀ ਗਈ। ਵਿਜੀਲੈਂਸ ਨੇ ਅੱਜ ਸਤਲੁਜ ਦਰਿਆ ਦੇ ਪਰਲੇ ਕੰਢੇ ’ਤੇ ਪੈਂਦੇ ਖੇਤਰ ਦੀ ਜਾਂਚ ਕੀਤੀ।
ਜਾਣਕਾਰੀ ਅਨੁਸਾਰ ਜਿੰਦਾਪੁਰ ਡੀਸਿਲਟਿੰਗ ਸਾਈਟ ਨੇੜੇ 486 ਏਕੜ ਰਕਬਾ ਜੰਗਲਾਤ ਵਿਭਾਗ ਦਾ ਪੈਂਦਾ ਹੈ। ਜਾਣਕਾਰੀ ਅਨੁਸਾਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਚਮਕੌਰ ਸਾਹਿਬ ਦੇ ਵਣ ਰੇਂਜ ਅਫ਼ਸਰ ਨੇ ਜ਼ਿਲ੍ਹਾ ਮੁਖੀ ਨੂੰ ਸ਼ਿਕਾਇਤ ਕੀਤੀ ਸੀ ਕਿ ਪਿੰਡ ਸ਼ਾਲਾਪੁਰ ਨਿਵਾਸੀ ਇਕਬਾਲ ਸਿੰਘ ਜੰਗਲਾਤ ਵਿਭਾਗ ਦੇ ਰਕਬੇ ਵਿੱਚੋਂ ਗ਼ੈਰਕਾਨੂੰਨੀ ਖਣਨ ਕਰ ਰਿਹਾ ਹੈ, ਜਿਸ ਮਗਰੋਂ ਰੇਂਜ ਅਫ਼ਸਰ ਦੀ ਬਦਲੀ ਕਰ ਦਿੱਤੀ ਗਈ ਸੀ।
ਜ਼ਿਕਰਯੋਗ ਹੈ ਕਿ 10 ਜੂਨ ਨੂੰ ਇਕਬਾਲ ਸਿੰਘ ਸਾਲਾਪੁਰ ਨੂੰ ਚਮਕੌਰ ਸਾਹਿਬ ਪੁਲੀਸ ਵੱਲੋਂ ਗ੍ਰਿਫ਼ਤਾਰ ਕਰ ਕੇ ਕਈ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ। ਵਿਜੀਲੈਂਸ ਵੱਲੋਂ ਅੱਜ ਨਿਸ਼ਾਨਦੇਹੀ ਸ਼ੁਰੂ ਕੀਤੇ ਜਾਣ ਮਗਰੋਂ ਕੋਈ ਵੱਡੀ ਕਾਰਵਾਈ ਹੋਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਜਦੋਂ ਇਸ ਸਬੰਧੀ ਡੀਐੱਸਪੀ ਵਿਜੀਲੈਂਸ ਬਿਊਰੋ ਰੂਪਨਗਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਜਾਂਚ ਸ਼ੁਰੂ ਹੋਣ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਸਬੰਧੀ ਅਧਿਕਾਰਤ ਤੌਰ ’ਤੇ ਐੱਸਐੱਸਪੀ ਦਫ਼ਤਰ ਹੀ ਬਿਆਨ ਦੇ ਸਕਦਾ ਹੈ।