ਜਸਵੰਤ ਜੱਸ
ਫ਼ਰੀਦਕੋਟ, 13 ਜੁਲਾਈ
ਵਿਜੀਲੈਂਸ ਬਿਊਰੋ ਨੇ ਅੱਜ ਇਥੇ ਫ਼ਰੀਦਕੋਟ ਦੇ ਸਾਬਕਾ ਵਿਧਾਇਕ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੀਨੀਅਰ ਆਗੂ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਖ਼ਿਲਾਫ਼ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ 1158 ਪੰਨਿਆਂ ਦਾ ਚਲਾਨ ਸਪੈਸ਼ਲ ਜੱਜ ਰਾਜੀਵ ਕਾਲੜਾ ਦੀ ਅਦਾਲਤ ਵਿੱਚ ਪੇਸ਼ ਕਰ ਦਿੱਤਾ ਹੈ। ਅਦਾਲਤ ਇਸ ਕੇਸ ਦੀ ਅਗਲੀ ਸੁਣਵਾਈ 19 ਜੁਲਾਈ ਨੂੰ ਕਰੇਗੀ। ਨਿਯਮਾਂ ਅਨੁਸਾਰ ਸਾਬਕਾ ਵਿਧਾਇਕ ਖ਼ਿਲਾਫ਼ 60 ਦਿਨਾਂ ਅੰਦਰ ਚਲਾਨ ਅਦਾਲਤ ਵਿੱਚ ਪੇਸ਼ ਹੋਣਾ ਲਾਜ਼ਮੀ ਸੀ ਅਤੇ ਵਿਜੀਲੈਂਸ ਨੇ ਦੋ ਦਿਨ ਪਹਿਲਾਂ ਹੀ ਚਲਾਨ ਅਦਾਲਤ ਵਿੱਚ ਪੇਸ਼ ਕਰ ਦਿੱਤਾ। ਕੁਸ਼ਲਦੀਪ ਸਿੰਘ ਢਿੱਲੋਂ ਇਸ ਵੇਲੇ ਨਾਭਾ ਦੀ ਜੇਲ੍ਹ ਵਿੱਚ ਨਜ਼ਰਬੰਦ ਹਨ ਅਤੇ ਫ਼ਰੀਦਕੋਟ ਅਦਾਲਤ ਉਨ੍ਹਾਂ ਦੀ ਜ਼ਮਾਨਤ ਅਰਜ਼ੀ ਰੱਦ ਕਰ ਚੁੱਕੀ ਹੈ। ਜਾਣਕਾਰੀ ਅਨੁਸਾਰ ਵਿਜੀਲੈਂਸ ਨੇ ਚਲਾਨ ਵਿੱਚ ਖੁਲਾਸਾ ਕੀਤਾ ਹੈ ਕਿ ਕੁਸ਼ਲਦੀਪ ਸਿੰਘ ਢਿੱਲੋਂ ਨੇ ਆਪਣੇ ਸਰੋਤਾਂ ਨਾਲੋਂ 8 ਕਰੋੜ ਰੁਪਏ ਦੀ ਵੱਧ ਜਾਇਦਾਦ ਬਣਾਈ ਹੈ ਅਤੇ ਇਸ ਤੋਂ ਇਲਾਵਾ ਪਿੰਡ ਮੁਮਾਰਾ ਵਿੱਚ 42 ਏਕੜ ਬੇਨਾਮੀ ਜਾਇਦਾਦ ਖਰੀਦੀ ਹੈ। ਇਸ ਕੇਸ ਵਿੱਚ ਸਾਬਕਾ ਵਿਧਾਇਕ ਦੇ ਕਰੀਬੀ ਗੁਰਸੇਵਕ ਸਿੰਘ ਨੀਲਾ ਅਤੇ ਰਾਜਵਿੰਦਰ ਸਿੰਘ ਖ਼ਿਲਾਫ਼ ਵੀ ਪਰਚਾ ਦਰਜ ਕੀਤਾ ਗਿਆ ਸੀ ਪਰ ਵਿਜੀਲੈਂਸ ਅਜੇ ਤੱਕ ਇਨ੍ਹਾਂ ਦੋਹਾਂ ਵਿਅਕਤੀਆਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ। ਸੂਚਨਾ ਅਨੁਸਾਰ ਵਿਜੀਲੈਂਸ ਇਨ੍ਹਾਂ ਦੋਵਾਂ ਮੁਲਜ਼ਮਾਂ ’ਚੋਂ ਇੱਕ ਨੂੰ ਵਾਅਦਾ ਮੁਆਫ਼ ਗਵਾਹ ਬਣਾਉਣ ਲਈ ਚਾਰਾਜੋਈ ਕਰ ਰਹੀ ਹੈ ਤਾਂ ਜੋ ਬੇਨਾਮੀ ਜਾਇਦਾਦ ਦੇ ਸਬੰਧ ਸਾਬਕਾ ਵਿਧਾਇਕ ਨਾਲ ਜੋੜੇ ਜਾ ਸਕਣ। ਵਿਜੀਲੈਂਸ ਅਨੁਸਾਰ ਵਿਧਾਇਕ ਹੁੰਦਿਆਂ ਕੁਸ਼ਲਦੀਪ ਸਿੰਘ ਢਿੱਲੋਂ ਦੀ ਜਾਇਦਾਦ ਵਿੱਚ 242 ਗੁਣਾ ਵਾਧਾ ਹੋਇਆ।