ਖੇਤਰੀ ਪ੍ਰਤੀਨਿਧ
ਪਟਿਆਲਾ, 9 ਸਤੰਬਰ
ਵਿਜੀਲੈਂਸ ਬਿਊਰੋ ਪਟਿਆਲਾ ਨੇ ਸ਼ਹਿਰ ਵਿੱਚ ਬਣੀਆਂ ਨਾਜਾਇਜ਼ ਇਮਾਰਤਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਨਗਰ ਨਿਗਮ ਕਮਿਸ਼ਨਰ ਨੂੰ ਦੋ ਵੱਖ-ਵੱਖ ਪੱਤਰ ਲਿਖ ਕੇ ਕਈ ਇਮਾਰਤਾਂ ਸਬੰਧੀ ਰਿਕਾਰਡ ਦੀ ਮੰਗ ਕੀਤੀ ਗਈ ਹੈ। ਪੱਤਰਾਂ ਵਿੱਚ ਆਖਿਆ ਗਿਆ ਹੈ ਕਿ ਇਹ ਰਿਕਾਰਡ ਵਿਜੀਲੈਂਸ ਨੂੰ ਮਿਲੀਆਂ ਉਨ੍ਹਾਂ ਸ਼ਿਕਾਇਤਾਂ ਦੀ ਜਾਂਚ ਕਰਨ ਲਈ ਮੰਗਿਆ ਗਿਆ ਹੈ, ਜਿਸ ’ਚ ਸਥਾਨਕ ਸ਼ਹਿਰ ਦੇ ਅਹਿਮ ਸ਼ਖ਼ਸ ’ਤੇ ਇੱਥੋਂ ਦੀਆਂ ਹੀ ਦੋ ਹੋਰ ਮਹੱਤਵਪੂਰਨ ਸ਼ਖ਼ਸੀਅਤਾਂ ਦੀ ਮਦਦ ਨਾਲ ਕਥਿਤ ਭ੍ਰਿਸ਼ਟਾਚਾਰ ਕਰਨ ਦੇ ਦੋਸ਼ ਲਾਏ ਗਏ ਹਨ। ਵਿਜੀਲੈਂਸ ਦਾ ਤਰਕ ਹੈ ਕਿ ਪਟਿਆਲਾ ਸ਼ਹਿਰ ’ਚ ਕਮਰਸ਼ੀਅਲ ਇਮਾਰਤਾਂ ਸਣੇ ਕੁਝ ਕਲੋਨੀਆਂ ਵੀ ਕੱਟੀਆਂ ਗਈਆਂ ਹਨ। ਇਨ੍ਹਾਂ ਨਾਲ ਸਬੰਧਤ ਰਿਕਾਰਡ ਦੀਆਂ ਤਸਦੀਕ ਕੀਤੀਆਂ ਫੋਟੋ ਕਾਪੀਆਂ ਜਲਦੀ ਭੇਜਣ ਲਈ ਕਿਹਾ ਗਿਆ ਹੈ।