ਗਗਨਦੀਪ ਅਰੋੜਾ
ਲੁਧਿਆਣਾ, 23 ਅਗਸਤ
ਦਾਣਾ ਮੰਡੀ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵਿਜੀਲੈਂਸ ਬਿਊਰੋ ਨੇ ਅੱਜ ਚਾਰ ਦਿਨਾ ਰਿਮਾਂਡ ’ਤੇ ਲੈ ਲਿਆ। ਆਸ਼ੂ ਨੂੰ ਅੱਜ ਸ਼ਾਮੀਂ ਚਾਰ ਵਜੇ ਦੇ ਕਰੀਬ ਸਖ਼ਤ ਸੁਰੱਖਿਆ ਪਹਿਰੇ ਹੇਠ ਜੱਜ ਸੁਮਿਤ ਕੱਕੜ ਦੀ ਅਦਾਲਤ ’ਚ ਪੇਸ਼ ਕੀਤਾ ਗਿਆ ਸੀ। ਉਧਰ, ਇਸ ਮਾਮਲੇ ’ਚ ਪਹਿਲਾਂ ਤੋਂ ਗ੍ਰਿਫ਼ਤਾਰ ਠੇਕੇਦਾਰ ਤੇਲੂ ਰਾਮ ਨੂੰ ਵੀ ਅਦਾਲਤ ’ਚ ਪੇਸ਼ ਕਰ ਕੇ ਦੋ ਰੋਜ਼ਾ ਪੁਲੀਸ ਰਿਮਾਂਡ ਲੈ ਲਿਆ ਗਿਆ।
ਸਾਬਕਾ ਕੈਬਨਿਟ ਮੰਤਰੀ ਵੱਲੋਂ ਸੀਨੀਅਰ ਵਕੀਲ ਪਰਉਪਕਾਰ ਸਿੰਘ ਘੁੰਮਣ, ਵੀਡੀ ਹਾਂਡਾ, ਰਮਨ ਕੌਸ਼ਲ ਤੇ ਰਾਜੀਵ ਕੌਸ਼ਲ ਪੇਸ਼ ਹੋਏ। ਇਸ ਦੌਰਾਨ ਆਸ਼ੂ ਦੇ ਰਿਮਾਂਡ ਦੀ ਮੰਗ ਨੂੰ ਲੈ ਕੇ ਅਦਾਲਤ ’ ’ਚ ਸਰਕਾਰੀ ਤੇ ਬਚਾਅ ਪੱਖ ਦੇ ਵਕੀਲਾਂ ਦਰਮਿਆਨ ਇੱਕ ਘੰਟੇ ਤੱਕ ਬਹਿਸ ਚੱਲੀ। ਵਿਜੀਲੈਂਸ ਨੇ ਕਈ ਤੱਥ ਪੇਸ਼ ਕੀਤੇ ਤੇ ਕੁਝ ਸਾਮਾਨ ਤੇ ਹੋਰ ਦਸਤਾਵੇਜ਼ ਰਿਕਵਰ ਕਰਨ ਦੇ ਹਵਾਲੇ ਨਾਲ 10 ਦਿਨਾ ਰਿਮਾਂਡ ਮੰਗਿਆ। ਬਚਾਅ ਪੱਖ ਵੱਲੋਂ ਰਿਮਾਂਡ ਦਾ ਵਿਰੋਧ ਕੀਤਾ ਗਿਆ। ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਅਦਾਲਤ ਨੇ ਸਾਬਕਾ ਕੈਬਨਿਟ ਮੰਤਰੀ ਦਾ ਚਾਰ ਦਿਨਾ ਪੁਲੀਸ ਰਿਮਾਂਡ ਦੇ ਦਿੱਤਾ। ਸਾਬਕਾ ਕੈਬਨਿਟ ਮੰਤਰੀ ਆਸ਼ੂ ਨੂੰ ਹੁਣ ਸ਼ਨਿਚਰਵਾਰ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਇਸ ਤੋਂ ਪਹਿਲਾਂ ਵਿਜੀਲੈਂਸ ਦੀ ਟੀਮ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸਾਬਕਾ ਮੰਤਰੀ ਨੂੰ ਅਦਾਲਤ ਲੈ ਕੇ ਆਈ। ਇਸ ਦੌਰਾਨ ਅਦਾਲਤੀ ਕੰਪਲੈਕਸ ਵਿੱਚ ਵੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਇਹਤਿਆਤ ਵਜੋਂ ਅਦਾਲਤੀ ਕੰਪਲੈਕਸ ਨੇੜਲਾ ਇਲਾਕਾ ਖਾਲੀ ਕਰਵਾ ਦਿੱਤਾ ਗਿਆ ਸੀ। ਇਥੇ ਸਿਰਫ਼ ਪੁਲੀਸ ਅਧਿਕਾਰੀ ਤੇ ਮੁਲਾਜ਼ਮ ਹੀ ਮੌਜੂਦ ਸਨ। ਆਗੂਆਂ ਦੇ ਨਾਲ ਆਉਣ ਵਾਲੀਆਂ ਗੱਡੀਆਂ ਨੂੰ ਵੀ ਬਾਹਰ ਪਾਰਕਿੰਗ ’ਚ ਰੁਕਣ ਦੇ ਹੁਕਮ ਦਿੱਤੇ ਗਏ। ਏਡੀਸੀਪੀ-3 ਸ਼ੁਭਮ ਅਗਰਵਾਲ, ਏਸੀਪੀ ਹਰੀਸ਼ ਬਹਿਲ, ਏਸੀਪੀ ਮਨਦੀਪ ਸਿੰਘ ਸਮੇਤ ਹੋਰ ਸੀਨੀਅਰ ਅਧਿਕਾਰੀ ਅਦਾਲਤੀ ਕੰਪਲੈਕਸ ’ਚ ਮੌਜੂਦ ਰਹੇ। ਸਿਰਫ਼ ਵਿਜੀਲੈਂਸ ਦੀਆਂ 2 ਗੱਡੀਆਂ ਨੂੰ ਹੀ ਕੰਪਲੈਕਸ ’ਚ ਜਾਣ ਦੀ ਆਗਿਆ ਦਿੱਤੀ ਗਈ। ਇੱਕ ਗੱਡੀ ’ਚ ਭਾਰਤ ਭੂਸ਼ਣ ਆਸ਼ੂ ਮੌਜੂਦ ਸਨ। ਜਿਵੇਂ ਹੀ ਆਸ਼ੂ ਗੱਡੀ ’ਚੋਂ ਬਾਹਰ ਨਿਕਲੇ ਤਾਂ ਉਨ੍ਹਾਂ ਨੂੰ ਪੁਲੀਸ ਅਧਿਕਾਰੀਆਂ ਨੇ ਘੇਰ ਲਿਆ। ਉਹ ਸੁਰੱਖਿਆ ਪਹਿਰੇ ਹੇਠ ਸਿੱਧੇ ਅਦਾਲਤ ’ਚ ਗਏ। ਆਸ਼ੂ ਇਕ ਘੰਟੇ ਦੇ ਕਰੀਬ ਅਦਾਲਤ ਵਿੱਚ ਰਹੇ ਤੇ ਉਨ੍ਹਾਂ ਉਥੇ ਹੀ ਹੋਰਨਾਂ ਪਾਰਟੀ ਆਗੂਆਂ ਨਾਲ ਮੁਲਾਕਾਤ ਕੀਤੀ।
ਵਿਜੀਲੈਂਸ ਨੇ ਅਦਾਲਤ ਤੋਂ ਆਸ਼ੂ ਦਾ 10 ਦਿਨਾ ਰਿਮਾਂਡ ਮੰਗਿਆ ਗਿਆ ਸੀ, ਪਰ ਚਾਰ ਦਿਨਾ ਰਿਮਾਂਡ ਹੀ ਮਿਲਿਆ। ਵਿਜੀਲੈਂਸ ਨੇ ਦਲੀਲ ਦਿੱਤੀ ਸੀ ਕਿ ਆਸ਼ੂ ਦੇ ਤੇਲੂ ਰਾਮ ਨਾਲ ਸਬੰਧ ਹਨ, ਪਰ ਤੇਲੂ ਰਾਮ ਤੋਂ ਜਦੋਂ ਅਦਾਲਤ ’ਚ ਪੁੱਛਿਆ ਗਿਆ ਤਾਂ ਉਸ ਨੇ ਸਾਫ਼ ਮਨ੍ਹਾਂ ਕਰ ਦਿੱਤਾ। ਉਸ ਨੇ ਕਿਹਾ ਕਿ ਉਹਦੀ ਆਸ਼ੂ ਨਾਲ ਕਦੇ ਮੁਲਾਕਾਤ ਨਹੀਂ ਹੋਈ।
ਬਿੱਟੂ ਦੇ ਸੁਰੱਖਿਆ ਮੁਲਾਜ਼ਮ ਅਤੇ ਪੰਜਾਬ ਪੁਲੀਸ ’ਚ ਹੋਈ ਬਹਿਸ
ਵਿਜੀਲੈਂਸ ਦੀ ਟੀਮ ਆਸ਼ੂ ਨੂੰ ਲੈ ਕੇ ਕੋਰਟ ਕੰਪਲੈਕਸ ਪੁੱਜੀ ਤਾਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਦੇ ਸੁਰੱਖਿਆ ਮੁਲਾਜ਼ਮ ਅੰਦਰ ਜਾਣ ਲਈ ਅੱਗੇ ਆਏ ਤਾਂ ਪੰਜਾਬ ਪੁਲੀਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਜਦੋਂ ਉਨ੍ਹਾਂ ਆਪਣੀ ਪਛਾਣ ਦੱਸੀ ਤਾਂ ਵੀ ਪੰਜਾਬ ਪੁਲੀਸ ਨਹੀਂ ਮੰਨੀ। ਕਾਫ਼ੀ ਸਮੇਂ ਤੱਕ ਦੋਵੇਂ ਧਿਰਾਂ ਆਪਸ ’ਚ ਬਹਿਸਦੀਆਂ ਰਹੀਆਂ। ਕੁਝ ਸਮੇਂ ਬਾਅਦ ਉਨ੍ਹਾਂ ਨੂੰ ਅਧਿਕਾਰੀਆਂ ਦੇ ਹੁਕਮਾਂ ’ਤੇ ਅੰਦਰ ਜਾਣ ਦਿੱਤਾ ਗਿਆ।
ਗੱਦੇ ’ਤੇ ਸੌਣ ਵਾਲੇ ਆਸ਼ੂ ਨੂੰ ਤਖ਼ਤਪੋਸ਼ ’ਤੇ ਸੌਣਾ ਪਿਆ
ਘਰ ਵਿੱਚ ਮਲਮਲ ਦੇ ਗੱਦੇ ’ਤੇ ਸੌਣ ਵਾਲੇ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਵਿਜੀਲੈਂਸ ਦੀ ਹਿਰਾਸਤ ’ਚ ਪਹਿਲੀ ਰਾਤ ਕਾਫ਼ੀ ਮੁਸ਼ਕਲ ਰਹੀ। ਉਨ੍ਹਾਂ ਨੂੰ ਆਮ ਮੁਲਜ਼ਮਾਂ ਦੀ ਤਰ੍ਹਾਂ ਤਖਤਪੋਸ਼ ’ਤੇ ਸੌਣਾ ਪਿਆ। ਵਿਜੀਲੈਂਸ ਅਧਿਕਾਰੀਆਂ ਨੇ ਰਾਤ ਨੂੰ ਖਾਣੇ ਬਾਰੇ ਪੁੱਛਿਆ ਤਾਂ ਆਸ਼ੂ ਨੇ ਸਾਫ਼ ਮਨ੍ਹਾਂ ਕਰ ਦਿੱਤਾ ਤੇ ਕਿਹਾ ਕਿ ਉਨ੍ਹਾਂ ਦਾ ਸੋਮਵਾਰ ਦਾ ਵਰਤ ਹੈ ਅਤੇ ਉਹ ਖਾਣਾ ਨਹੀਂ ਖਾਣਗੇ। ਹਾਲਾਂਕਿ ਮੰਗਲਵਾਰ ਸਵੇਰੇ ਚਾਹ ਨਾਲ ਹਲਕਾ ਨਾਸ਼ਤਾ ਕੀਤਾ। ਜਦੋਂ ਦੁਬਾਰਾ ਖਾਣੇ ਬਾਰੇ ਪੁੱਛਿਆ ਤਾਂ ਉਨ੍ਹਾਂ ਮਨ੍ਹਾਂ ਕਰ ਦਿੱਤਾ ਕਿ ਹਾਲੇ ਕੁਝ ਖਾਣ ਦਾ ਮਨ ਨਹੀਂ ਹੈ। ਘਰ ਤੋਂ ਮੰਗਵਾਏ ਗੱਦੇ ਬਾਰੇ ਐੱਸਐੱਸਪੀ ਵਿਜੀਲੈਂਸ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਕੋਈ ਸਾਮਾਨ ਬਾਹਰੋਂ ਨਹੀਂ ਆਇਆ ਸੀ। ਜਿਵੇਂ ਆਮ ਮੁਲਜ਼ਮ ਰਹਿੰਦੇ ਹਨ, ਉਵੇਂ ਹੀ ਸਾਬਕਾ ਮੰਤਰੀ ਨੂੰ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀ ਨੂੰ ਅਸਥਮਾ ਦੀ ਦਿੱਕਤ ਹੈ, ਜਿਸ ਕਾਰਨ ਰਾਤ ਨੂੰ ਉਨ੍ਹਾਂ ਦੀ ਸਿਹਤ ਖਰਾਬ ਹੋ ਗਈ ਸੀ। ਉਨ੍ਹਾਂ ਦੀ ਗੱਲ ਡਾਕਟਰ ਨਾਲ ਕਰਵਾਈ ਗਈ ਤੇ ਦਵਾਈ ਮੰਗਵਾ ਕੇ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸਵੇਰੇ ਸਿਵਲ ਹਸਪਤਾਲ ’ਚ ਮੈਡੀਕਲ ਕਰਵਾਉਣ ਦੀ ਥਾਂ ਅਧਿਕਾਰੀਆਂ ਦੇ ਹੁਕਮਾਂ ’ਤੇ ਡਾਕਟਰ ਨੂੰ ਵਿਜੀਲੈਂਸ ਦਫ਼ਤਰ ਬੁਲਾ ਲਿਆ ਗਿਆ ਸੀ।