ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 8 ਜੂਨ
ਪੰਜਾਬ ਵਿਜੀਲੈਂਸ ਬਿਊਰੋ ਦੀ ਇੱਕ ਟੀਮ ਵੱਲੋਂ ਸਰਕਾਰੀ ਖ਼ਜ਼ਾਨੇ ਵਿੱਚ ਧੋਖਾਧੜੀ ਕਰਨ ਦੇ ਦੋਸ਼ ਹੇਠ ਮੁਹਾਲੀ ਜ਼ਿਲ੍ਹੇ ਦੇ ਟੈਕਸ ਕੁਲੈਕਸ਼ਨ ਸੈਂਟਰ ਪਿੰਡ ਝਰਮੜੀ ਵਿੱਚ ਤਾਇਨਾਤ ਟਰਾਂਸਪੋਰਟ ਵਿਭਾਗ ਦੇ ਦੋ ਮੁਲਾਜ਼ਮਾਂ ਹਰਪਾਲ ਸਿੰਘ ਅਤੇ ਸ਼ਲਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਕਰਮਚਾਰੀਆਂ ’ਤੇ ਜਾਅਲੀ ਕੰਪਿਊਟਰ ਸਾਫ਼ਟਵੇਅਰ ਰਾਹੀਂ ਮੋਹਰ ਲਾ ਕੇ ਸੂਬੇ ਵਿੱਚ ਦਾਖਲ ਹੋਣ ਵਾਲੇ ਵਪਾਰਕ ਵਾਹਨਾਂ ਤੋਂ ਵਸੂਲੇ ਜਾਣ ਵਾਲੇ ਟੈਕਸ ਦੀ ਰਕਮ ਸਰਕਾਰੀ ਖ਼ਜ਼ਾਨੇ ਵਿੱਚ ਪਾਉਣ ਦੀ ਥਾਂ ਖ਼ੁਦ ਲਿਜਾਣ ਦਾ ਦੋਸ਼ ਹੈ। ਵਿਜੀਲੈਂਸ ਵਿਭਾਗ ਵੱਲੋਂ ਦੋਵੇਂ ਮੁਲਾਜ਼ਮਾਂ ਖ਼ਿਲਾਫ਼ ਵਿਜੀਲੈਂਸ ਥਾਣਾ ਮੁਹਾਲੀ ਵਿੱਚ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਹਰਪਾਲ ਸਿੰਘ ਪਿੰਡ ਹਸਨਪੁਰ (ਹਰਿਆਣਾ), ਸ਼ਲਿੰਦਰ ਸਿੰਘ ਪਿੰਡ ਬਿਸ਼ਨਪੁਰਾ (ਜ਼ੀਰਕਪੁਰ) ਤੇ ਪ੍ਰਵੀਨ ਕੁਮਾਰ ਵਾਸੀ ਪਿੰਡ ਖਾਨਪੁਰ (ਮੁਹਾਲੀ) ਦਾ ਰਹਿਣ ਵਾਲਾ ਹੈ। ਇਸ ਮੌਕੇ ਵਿਜੀਲੈਂਸ ਦੇ ਅਧਿਕਾਰੀਆਂ ਨੇ ਮੁਲਜ਼ਮਾਂ ਕੋਲੋਂ ਜਾਅਲੀ ਕੰਪਿਊਟਰ ਸਾਫਟਵੇਅਰ ਤੇ ਜਾਅਲੀ ਮੋਹਰਾਂ ਵੀ ਬਰਾਮਦ ਕੀਤੀਆਂ ਹਨ। ਵਿਜੀਲੈਂਸ ਅਨੁਸਾਰ ਮੁਲਜ਼ਮਾਂ ਤੋਂ ਪੁੱਛ-ਪੜਤਾਲ ਦੌਰਾਨ ਹੋਰ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਦੀ ਸ਼ਮੂਲੀਅਤ ਦਾ ਵੀ ਪਤਾ ਲਗਾਇਆ ਜਾਵੇਗਾ।
ਸੰਭਾਵਨਾ ਜਤਾਈ ਜਾ ਰਹੀ ਹੈ ਕਿ ਉਕਤ ਮੁਲਜ਼ਮ ਲੰਮੇ ਸਮੇਂ ਤੋਂ ਚੈੱਕ ਪੋਸਟ ’ਤੇ ਹੋਣ ਵਾਲੀ ਆਮਦਨ ਨਾਲ ਆਪਣੀਆਂ ਜੇਬਾਂ ਭਰ ਰਹੇ ਸਨ। ਜਾਂਚ ਦੌਰਾਨ ਸਰਕਾਰ ਦੇ ਈ-ਪਰਿਵਹਨ ਸਾਫ਼ਟਵੇਅਰ ’ਤੇ ਦੋ ਰਸੀਦਾਂ ਦੀ ਪ੍ਰਮਾਣਿਕਤਾ ਸਬੰਧੀ ਜਾਂਚ ਕੀਤੀ ਗਈ, ਜੋ ਜਾਅਲੀ ਪਾਈਆਂ ਗਈਆਂ। ਇਸ ਮਗਰੋਂ ਵਿਜੀਲੈਂਸ ਦੀ ਟੀਮ ਨੇ ਉਕਤ ਮੁਲਾਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤੇ ਹਨ। ਵਿਜੀਲੈਂਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਆਰੰਭ ਦਿੱਤੀ ਗਈ ਹੈ।