ਦਵਿੰਦਰ ਪਾਲ
ਚੰਡੀਗੜ੍ਹ, 29 ਅਗਸਤ
ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਤਫ਼ਤੀਸ਼ ਵਿੱਚ ਤੇਜ਼ੀ ਲਿਆਉਣ ਲਈ ਵਿਜੀਲੈਂਸ ’ਚ ਨਫ਼ਰੀ ਵਧਾਉਣ ਵਾਸਤੇ ਸਰਕਾਰ ਤੱਕ ਪਹੁੰਚ ਕੀਤੀ ਹੈ। ਇਸ ਤੋਂ ਇਲਾਵਾ ਵਿਜੀਲੈਂਸ ਦੀ ਫਰੀਦਕੋਟ ਵਿੱਚ ਨਵੀਂ ਰੇਂਜ ਅਤੇ ਮਾਲੇਰਕੋਟਲਾ ਜ਼ਿਲ੍ਹੇ ’ਚ ਯੂਨਿਟ ਸਮੇਤ ਐਂਟੀ ਕੁਰੱਪਸ਼ਨ ਐਕਸ਼ਨ ਲਾਈਨ ਸਥਾਪਤ ਕਰਨ ਦੀ ਮੰਗ ਵੀ ਕੀਤੀ ਹੈ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੇਸ਼ੇਵਰ ਤਰੀਕਿਆਂ ਨਾਲ ਜਾਂਚ ਸਿਰੇ ਚੜ੍ਹਾਉਣ ਅਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ’ਚ ਸਜ਼ਾ ਦਰ ਵਧਾਉਣ ਲਈ ਮਾਹਿਰਾਂ ਦੀ ਲੋੜ ਹੈ। ਇਨ੍ਹਾਂ ਵਿੱਚ ਆਈਟੀ ਐਕਸਪਰਟ, ਆਰਥਿਕ ਅਪਰਾਧ ਦੇ ਮਾਹਿਰ, ਸਾਈਬਰ ਮਾਹਿਰਾਂ ਸਮੇਤ ਪੁਲੀਸ ਅਫ਼ਸਰਾਂ ਦੀ ਜ਼ਰੂਰਤ ਹੈ। ਅਧਿਕਾਰੀਆਂ ਮੁਤਾਬਿਕ ਵਿਜੀਲੈਂਸ ਵਿੱਚ ਇਸ ਵੇਲੇ ਸਿਪਾਹੀ ਤੋਂ ਲੈ ਕੇ ਮੁੱਖ ਡਾਇਰੈਕਟਰ ਤੱਕ 661 ਤੱਕ ਦੀ ਨਫ਼ਰੀ ਹੈ। ਇਹ ਸਾਰੇ ਅਧਿਕਾਰੀ ਤੇ ਮੁਲਾਜ਼ਮ ਪੰਜਾਬ ਪੁਲੀਸ ਵਿੱਚੋਂ ਹੀ ਡੈਪੂਟੇਸ਼ਨ ’ਤੇ ਲਏ ਜਾਂਦੇ ਹਨ। ਵਿਜੀਲੈਂਸ ਨੇ ਵਿਭਾਗ ਵਿੱਚ ਹਾਲਾਤ ਨੂੰ ਦੇਖਦੇ ਹੋਏ ਸਰਕਾਰ ਤੋਂ 692 ਹੋਰ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਤਾਇਨਾਤੀ ਮੰਗੀ ਹੈ। ਇਸ ਦੌਰਾਨ ਵਿਜੀਲੈਂਸ ਦੇ ਅਧਿਕਾਰੀਆਂ ਨੇ ਕਿਹਾ ਕਿ ਚੰਡੀਗੜ੍ਹ ਸਥਿਤ ਹੈੱਡਕੁਆਰਟਰ ਤੋਂ ਲੈ ਕੇ ਰੇਂਜ ਪੱਧਰ, ਜ਼ਿਲ੍ਹਾ ਪੱਧਰ ਤੇ ਤਹਿਸੀਲ ਪੱਧਰ ਤੱਕ ਮਾਹਿਰਾਂ, ਅਫ਼ਸਰਾਂ ਤੇ ਮੁਲਾਜ਼ਮਾਂ ਦੀ ਤਾਇਨਾਤੀ ਵਧਾਉਣੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਵਿਜੀਲੈਂਸ ਆਰਥਿਕ ਅਪਰਾਧ ਦੇ ਮਾਹਿਰਾਂ ਦੀਆਂ ਸੇਵਾਵਾਂ ਪੱਕੇ ਤੌਰ ’ਤੇ ਲੈਣਾ ਚਾਹੁੰਦੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ਮਗਰੋਂ ਵਿਜੀਲੈਂਸ ਵੱਲੋਂ ਤੇਜ਼ੀ ਨਾਲ ਮਾਮਲੇ ਦਰਜ ਕੀਤੇ ਜਾ ਰਹੇ ਹਨ।