ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 30 ਅਗਸਤ
ਦਾਣਾ ਮੰਡੀ ਟੈਂਡਰ ਘੁਟਾਲੇ ’ਚ ਗ੍ਰਿਫ਼ਤਾਰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਜ਼ਦੀਕੀ ਸਾਥੀਆਂ ਤੋਂ ਅੱਜ ਮੁੜ ਪੁੱਛ-ਪੜਤਾਲ ਕੀਤੀ ਗਈ। ਕਾਰੋਬਾਰੀ ਹੇਮੰਤ ਸੂਦ, ਮੇਅਰ ਬਲਕਾਰ ਸੰਧੂ ਤੇ ਕੌਂਸਲਰ ਸੰਨੀ ਭੱਲਾ ਲਗਾਤਾਰ ਦੂਜੇ ਦਿਨ ਵਿਜੀਲੈਂਸ ਦਫ਼ਤਰ ਪੁੱਜੇ। ਵਿਜੀਲੈਂਸ ਨੇ ਉਨ੍ਹਾਂ ਤੋਂ ਰਿਕਾਰਡ ਮੰਗਿਆ ਹੋਇਆ ਸੀ ਜੋ ਉਨ੍ਹਾਂ ਅੱਜ ਵਿਜੀਲੈਂਸ ਨੂੰ ਸੌਂਪ ਦਿੱਤਾ ਹੈ। ਵਿਜੀਲੈਂਸ ਅਧਿਕਾਰੀਆਂ ਨੇ ਅੱਜ ਉਨ੍ਹਾਂ ਤੋਂ ਕਈ ਸਵਾਲ ਪੁੱਛੇ। ਵਿਜੀਲੈਂਸ ਨੇ ਉਨ੍ਹਾਂ ਤੋਂ ਕੁਝ ਹੋਰ ਵੀ ਵੇਰਵੇ ਮੰਗੇ ਹਨ। ਇਹ ਜਾਣਕਾਰੀ ਮਿਲੀ ਹੈ ਕਿ ਇਨ੍ਹਾਂ ਤਿੰਨਾਂ ਨੂੰ ਬੁੱਧਵਾਰ ਨੂੰ ਮੁੜ ਸੱਦਿਆ ਗਿਆ ਹੈ। ਇਸ ਗੱਲ ਦੀ ਪੁਸ਼ਟੀ ਐੱਸਐੱਸਪੀ ਵਿਜੀਲੈਂਸ ਰਾਵਿੰਦਰਪਾਲ ਸਿੰਘ ਸੰਧੂ ਨੇ ਕੀਤੀ ਹੈ। ਸਾਬਕਾ ਮੰਤਰੀ ਆਸ਼ੂ ਦੀ ਗ੍ਰਿਫ਼ਤਾਰੀ ਤੋਂ ਬਾਅਦ ਕਿਆਸ ਲਾਏ ਜਾ ਰਹੇ ਸਨ ਕਿ ਉਨ੍ਹਾਂ ਦੇ ਨਜ਼ਦੀਕੀਆਂ ’ਤੇ ਕਿਸੇ ਸਮੇਂ ਵੀ ਗਾਜ਼ ਡਿੱਗ ਸਕਦੀ ਹੈ। ਵਿਜੀਲੈਂਸ ਦੀ ਟੀਮ ਨੇ ਮੇਅਰ ਬਲਕਾਰ ਸੰਧੂ, ਕੌਂਸਲਰ ਸੰਨੀ ਭੱਲਾ ਤੇ ਕਾਰੋਬਾਰੀ ਹੇਮੰਤ ਸੂਦ ਦੀ ਜਾਇਦਾਦ ਦੇ ਵੇਰਵੇ ਵੀ ਮੰਗੇ ਸਨ, ਜੋ ਉਨ੍ਹਾਂ ਅੱਜ ਜਮ੍ਹਾਂ ਕਰਵਾ ਦਿੱਤੇ ਹਨ।
ਆਸ਼ੂ ਦੀ ਅਦਾਲਤ ’ਚ ਪੇਸ਼ੀ ਅੱਜ
ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਵਧਾਇਆ ਗਿਆ ਦੋ ਰੋਜ਼ਾ ਪੁਲੀਸ ਰਿਮਾਂਡ ਭਲਕੇ ਬੁੱਧਵਾਰ ਨੂੰ ਖਤਮ ਹੋ ਰਿਹਾ ਹੈ। ਵਿਜੀਲੈਂਸ ਦੀ ਟੀਮ ਆਸ਼ੂ ਨੂੰ ਭਲਕੇ ਅਦਾਲਤ ’ਚ ਪੇਸ਼ ਕਰੇਗੀ। ਸੂਤਰ ਦੱਸਦੇ ਹਨ ਕਿ ਸਾਬਕਾ ਮੰਤਰੀ ਵਿਜੀਲੈਂਸ ਨਾਲ ਸਹਿਯੋਗ ਨਹੀਂ ਕਰ ਰਹੇ। ਐੱਸਐੱਸਪੀ ਸੰਧੂ ਨੇ ਦੱਸਿਆ ਕਿ ਸਾਬਕਾ ਮੰਤਰੀ ਦੇ ਪੀਏ ਮੀਨੂੰ ਪੰਕਜ ਮਲਹੋਤਰਾ ਤੇ ਇਸ ਮਾਮਲੇ ’ਚ ਨਾਮਜ਼ਦ ਇੰਦਰਜੀਤ ਇੰਦੀ ਦੀ ਭਾਲ ’ਚ ਛਾਪੇ ਮਾਰੇ ਜਾ ਰਹੇ ਹਨ ਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।