ਰਤਨ ਸਿੰਘ ਢਿੱਲੋਂ
ਅੰਬਾਲਾ, 5 ਜਨਵਰੀ
ਸ਼ੰਭੂ ਟੌਲ ਪਲਾਜ਼ਾ ’ਤੇ ਭਾਰਤੀ ਕਿਸਾਨ ਯੂਨੀਅਨ ਦਾ ਧਰਨਾ ਅੱਜ 12ਵੇਂ ਦਿਨ ਵੀ ਕੜਾਕੇ ਦੀ ਠੰਢ ਅਤੇ ਪੈ ਰਹੀ ਬਰਸਾਤ ਵਿਚ ਜਾਰੀ ਰਿਹਾ। ਇਥੋਂ ਦਾ ਨਜ਼ਾਰਾ ਵੀ ਸਿੰਘੂ ਬਾਰਡਰ ਵਰਗਾ ਲੱਗਣ ਲੱਗ ਪਿਆ ਹੈ।ਕਿਸਾਨ ਦਿਨ-ਰਾਤ ਅੰਦੋਲਨ ਕਰ ਰਹੇ ਹਨ ਅਤੇ ਹੁਣ ਕੀਰਤਨ ਦਰਬਾਰ ਵੀ ਸਜਣੇ ਸ਼ੁਰੂ ਹੋ ਗਏ ਹਨ। ਅੱਜ ਪਟਿਆਲਾ ਤੋਂ ਗੁਰੂ ਗੋਬਿੰਦ ਸਿੰਘ ਪਰਿਵਾਰ ਸੰਗੀਤ ਅਕੈਡਮੀ ਦਾ ਜਥਾ ਸ਼ੰਭੂ ਟੌਲ ਪਲਾਜ਼ਾ ’ਤੇ ਪਹੁੰਚਿਆ ਅਤੇ ਬੱਚਿਆਂ ਨੇ ਜੁਗਿੰਦਰ ਸਿੰਘ ਦੀ ਅਗਵਾਈ ਵਿਚ ਰਸਭਿੰਨਾ ਕੀਰਤਨ ਕੀਤਾ। ਭਾਕਿਯੂ ਦੇ ਮੀਤ ਪ੍ਰਧਾਨ ਗੁਲਾਬ ਸਿੰਘ ਚਾਹਲ ਨੇ ਦੱਸਿਆ ਕਿ ਪਟਿਆਲਾ ਤੋਂ ਆਇਆ ਜਥਾ ਅੱਜ ਧਰਨਾ ਦੇ ਰਹੇ ਕਿਸਾਨਾਂ ਲਈ ਕੰਬਲ ਅਤੇ ਰਜਾਈਆਂ ਲੈ ਕੇ ਵੀ ਆਇਆ ਸੀ।
ਖਮਾਣੋਂ (ਜਗਜੀਤ ਕੁਮਾਰ): ਨੇੜਲੇ ਪਿੰਡ ਬਦੇਸ਼ਾਂ ਖੁਰਦ ਵਿੱਚ ਪਿੰਡ ਵਾਸੀਆਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪਿੰਡ ਵਿੱਚ ਸਰਕਾਰ ਖ਼ਿਲਾਫ਼ ਰੋਸ ਰੈਲੀ ਕੱਢੀ ਗਈ। ਪਿੰਡ ਵਾਸੀਆਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਇਸ ਫ਼ੈਸਲੇ ਨਾਲ ਸਿਰਫ਼ ਕਿਸਾਨ ਵਰਗ ਹੀ ਪ੍ਰਭਾਵਤ ਨਹੀਂ ਹੋਵੇਗਾ ਸਗੋਂ ਇਸ ਨਾਲ ਹਰ ਵਰਗ ਦੇ ਲੋਕਾਂ ਨੂੰ ਵੱਡਾ ਨੁਕਸਾਨ ਪਹੁੰਚੇਗਾ। ਇਸ ਮੌਕੇ ਕੇਂਦਰ ਸਰਕਾਰ ਤੋਂ ਖੇਤੀ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਗਈ ।
‘ਪਿੰਡ ਬਚਾਓ ਪੰਜਾਬ ਬਚਾਓ’ ਕਾਫਲਾ ਸੋਲਖੀਆਂ ਤੇ ਕਮਾਲਪੁਰ ਟੌਲ ਪਲਾਜ਼ਿਆਂ ’ਤੇ ਪੁੱਜਿਆ
ਰੂਪਨਗਰ/ਚਮਕੌਰ ਸਾਹਿਬ (ਬਹਾਦਰਜੀਤ ਸਿੰਘ/ਸੰਜੀਵ ਬੱਬੀ): ਖੇਤੀ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਚੱਲ ਰਹੇ ਅੰਦੋਲਨ ਨੂੰ ਸਮਰਥਨ ਦੇਣ ਲਈ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਦੀ ਅਗਵਾਈ ਹੇਠ ’ਪਿੰਡ ਬਚਾਓ ਪੰਜਾਬ ਬਚਾਓ’ ਕਾਫਲਾ ਸੋਲਖੀਆਂ ਅਤੇ ਕਮਾਲਪੁਰ ਟੌਲ ਪਲਾਜ਼ਿਆਂ ’ਤੇ ਪਹੁੰਚਿਆ ਅਤੇ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਇਸ ਮੌਕੇ ਕਿਸਾਨਾਂ ਨੇ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਖੇਤੀ ਕਾਨੂੰਨ ਤੁਰੰਤ ਰੱਦ ਕਰਨ ਦੀ ਮੰਗ ਕੀਤੀ। ਇਸ ਉਪਰੰਤ ਰੂਪਨਗਰ ਵਿਖੇ ਸਾਹਨੀ ਹਾਲ ਵਿੱਚ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪਿੰਡ ਬਚਾਓ ਪੰਜਾਬ ਬਚਾਓ ਕਾਫਲਾ ਪਹਿਲੀ ਨਵੰਬਰ ਨੂੰ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਦੌਰੇ ਲਈ ਸ਼ੁਰੂ ਹੋਇਆ ਸੀ ਅਤੇ ਲੋਕਾਂ ਨੂੰ ਉਨ੍ਹਾਂ ਦੇ ਹੱਕਾਂ ਅਤੇ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਦੇ ਖਿਲਾਫ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਮੌਕੇ ਪ੍ਰੋ.ਪਿਆਰਾ ਲਾਲ ਗਰਗ ਸਾਬਕਾ ਰਜਿਸਟਰਾਰ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ, ਕਰਨੈਲ ਸਿੰਘ ਜਖੇਪਲ, ਸੀਨੀਅਰ ਪੱਤਰਕਾਰ ਹਮੀਰ ਸਿੰਘ ਵੀ ਕਾਫਲੇ ਦੇ ਨਾਲ ਸਨ। ਇਸ ਮੌਕੇ ਕਿਸਾਨ ਆਗੂ ਗੁਰਮੇਲ ਸਿੰਘ ਜਟਾਣਾ, ਪ੍ਰਗਟ ਸਿੰਘ ਰੌਲੂਮਾਜਰਾ ,ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਜੱਸੜਾਂ, ਅਮਨਦੀਪ ਸਿੰਘ ਮਾਂਗਟ ,ਸੰਗਤ ਸਿੰਘ, , ਜਗਦੀਸ਼ ਲਾਲ, ਸੈਣੀ ਭਵਨ ਦੇ ਪ੍ਰਧਾਨ ਡਾ.ਅਜਮੇਰ ਸਿੰਘ ਮੌਜੂਦ ਸਨ।
ਬਿੱਗ ਬਾਜ਼ਾਰ ਅੱਗੇ ਨਾਅਰੇਬਾਜ਼ੀ
ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਖੇਤੀ ਕਾਨੂੰਨਾਂ ਖ਼ਿਲਾਫ ਆਮ ਲੋਕਾਂ ਨੂੰ ਜਾਗਰੂਕ ਕਰਨ ਦੇ ਮਕਸਦ ਨਾਲ ਅੱਜ ਕਿਸਾਨਾਂ ਨੇ ਛਾਉਣੀ ਦੇ ਮਿਨਰਵਾ ਕੰਪਲੈਕਸ ਵਿਚ ਸਥਿਤ ਬਿੱਗ ਬਜ਼ਾਰ ਅੱਗੇ ਪ੍ਰਦਰਸ਼ਨ ਕੀਤਾ। ਉਨ੍ਹਾਂ ਆਮ ਲੋਕਾਂ ਅਤੇ ਵਿਸ਼ੇਸ਼ ਕਰਕੇ ਦੁਕਾਨਦਾਰਾਂ ਨੂੰ ਦੱਸਿਆ ਕਿ ਕਿਸ ਤਰ੍ਹਾਂ ਵੱਡੇ ਮਾਲ ਮਹਿੰਗਾਈ ਵਿਚ ਵਾਧਾ ਕਰ ਰਹੇ ਹਨ ਅਤੇ ਛੋਟੇ ਦੁਕਾਨਦਾਰਾਂ ਦਾ ਕਾਰੋਬਾਰ ਚੌਪਟ ਹੋ ਰਿਹਾ ਹੈ।ਕਿਸਾਨ ਅੱਜ ਸਵੇਰੇ ਬਿੱਗ ਬਾਜ਼ਾਰ ਅੱਗੇ ਇਕੱਠੇ ਹੋਏ ਅਤੇ ਹੱਥਾਂ ਵਿਚ ਪੋਸਟਰ ਲੈ ਕੇ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਗਟਾਇਆ। ਇਸ ਮੌਕੇ ਪੁਲੀਸ ਮੁਲਾਜ਼ਮ ਵੀ ਭਾਰੀ ਗਿਣਤੀ ਵਿਚ ਮੌਜੂਦ ਰਹੇ।