ਪੱਤਰ ਪ੍ਰੇਰਕ
ਨੂਰਪੁਰ ਬੇਦੀ, 10 ਅਗਸਤ
ਖੇਤਰ ਦੇ ਇਕ ਪਿੰਡ ਦੀ ਮਹਿਲਾ ਸਰਪੰਚ ਦੇ ਪਤੀ ਵੱਲੋਂ ਮਨਰੇਗਾ ਤਹਿਤ ਕੰਮ ਕਰਦੀਆਂ ਦਿਹਾੜੀਦਾਰ ਔਰਤਾਂ ਲਈ ਭੱਦੀ ਸ਼ਬਦਾਬਲੀ ਦੀ ਵਰਤੋਂ ਕਰਨ ਦੀ ਵਾਇਰਲ ਹੋਈ ਵੀਡੀਓ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਜ਼ਿਲ੍ਹਾ ਪੁਲੀਸ ਮੁਖੀ ਰੂਪਨਗਰ ਨੂੰ ਇਸ ਸਬੰਧੀ ਜਾਂਚ ਕਰ ਕੇ ਸਟੇਟਸ ਰਿਪੋਰਟ ਭੇਜਣ ਲਈ ਕਿਹਾ ਹੈ। ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਦਫ਼ਤਰ ਤੋਂ ਚੇਅਰਪਰਸਨ ਦੇ ਹਵਾਲੇ ਨਾਲ ਐੱਸਐੱਸਪੀ ਰੂਪਨਗਰ ਨੂੰ ਭੇਜੇ ਗਏ ਇਕ ਪੱਤਰ ’ਚ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਪਿੰਡ ਮਹਿੰਦਪੁਰ ਖੇੜਾ ਕਲਮੋਟ ਦੀ ਸਰਪੰਚ ਕੁਲਦੀਪ ਕੌਰ ਦਾ ਪਤੀ ਬਲਵੀਰ ਸਿੰਘ, ਜੋ ਖੁਦ ਨੂੰ ਸਰਪੰਚ ਦੱਸ ਰਿਹਾ ਹੈ ਤੇ ਮਨਰੇਗਾ ਤਹਿਤ ਕੰਮ ਕਰ ਰਹੀਆਂ ਦਿਹਾੜੀਦਾਰ ਔਰਤਾਂ ਨੂੰ ਭੱਦੀ ਸ਼ਬਦਾਬਲੀ ਵਿੱਚ ਮਾੜੀਆਂ ਟਿੱਪਣੀਆਂ ਕਰ ਰਿਹਾ ਹੈ। ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ 12 ਅਗਸਤ ਤੱਕ ਸਟੇਟਸ ਰਿਪੋਰਟ ਭੇਜਣ ਲਈ ਕਿਹਾ ਹੈ। ਸਰਪੰਚ ਦੇ ਪਤੀ ਬਲਵੀਰ ਸਿੰਘ ਨੇ ਕਿਹਾ ਕਿ ਇਹ 2 ਮਹੀਨੇ ਪੁਰਾਣੀ ਗੱਲ ਹੈ ਤੇ ਕਿਸੇ ਵੱਲੋਂ ਜਾਣ ਬੁੱਝ ਕੇ ਵਾਇਰਲ ਕੀਤੀ ਗਈ ਹੈ। ਐੱਸਐੱਸਪੀ ਰੂਪਨਗਰ ਡਾ. ਅਖਿਲ ਚੌਧਰੀ ਨੇ ਕਿਹਾ ਕਿ ਇਹ ਮਾਮਲਾ ਡੀਐੱਸਪੀ ਆਨੰਦਪੁਰ ਸਾਹਿਬ ਨੂੰ ਸੌਂਪਿਆ ਗਿਆ ਹੈ। ਡੀਐੱਸਪੀ ਕਾਹਲੋਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਰਿਪੋਰਟ ਅੱਜ ਸ਼ਾਮ ਤੱਕ ਉੱਚ ਅਧਿਕਾਰੀਆਂ ਨੂੰ ਸੌਂਪ ਦਿੱਤੀ ਜਾਵੇਗੀ।