ਮਹਿੰਦਰ ਸਿੰਘ ਰੱਤੀਆਂ
ਮੋਗਾ, 21 ਜੁਲਾਈ
ਧਰਮਕੋਟ ’ਚ ਬੀਤ ਦਿਨ ਪੰਜ ਹਥਿਆਰਬੰਦ ਨਕਾਬਪੋਸ਼ਾਂ ਵੱਲੋਂ ਮਨੀਚੇਂਜਰ ਨਾਲ ਕਾਫ਼ੀ ਸਮਾਂ ਘੁਲਦੇ ਰਹਿਣ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਘੁੰਮ ਰਹੀ ਹੈ। ਥਾਣਾ ਧਰਮਕੋਟ ਪੁਲੀਸ ਨੇ ਮਨੀਚੇਂਜਰ ਰਾਜੀਵ ਕੁਮਾਰ ਬਜਾਜ ਦੇ ਬਿਆਨ ਉੱਤੇ ਲੁੱਟ ਖੋਹ ਦੇ ਦੋਸ਼ ਹੇਠ ਕੇਸ ਦਰਜ਼ ਕਰ ਲਿਆ ਹੈ। ਧਰਮਕੋਟ ਵਿਖੇ ਰਾਜਿੰਦਰਾ ਰੋਡ ਉੱਤੇ ਮਨੀ ਚੇਂਜਰ ਅਤੇ ਟੂਰ ਐਂਡ ਟਰੈਵਲ ਦਾ ਕਾਰੋਬਾਰ ਕਰਦੇ ਰਾਜੀਵ ਕੁਮਾਰ ਦੀ ਦੁਕਾਨ ਅੰਦਰ ਸ਼ਾਮ ਕਰੀਬ 3.55 ਵਜੇ ਪੰਜ ਹਥਿਆਰਬੰਦ ਨਕਾਬਪੋਸ਼ ਬਦਮਾਸ਼ ਪਹੁੰਚੇ। ਚਾਰ ਬਦਮਾਸ਼ ਦੁਕਾਨ ਅੰਦਰ ਚਲੇ ਗਏ ਅਤੇ ਇੱਕ ਬਾਹਰ ਖੜ ਗਿਆ। ਉਨ੍ਹਾਂ ਪਿਸਤੌਲ ਦਿਖਾ ਕੇ ਦੁਕਾਨਦਾਰ ਤੋਂ ਸੇਫ਼ ਦੀਆਂ ਚਾਬੀਆਂ ਮੰਗੀਆਂ। ਦੁਕਾਨਦਾਰ ਨੇ ਵਿਰੋਧ ਕੀਤਾ ਤਾਂ ਉਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਅਤੇ ਹੱਥੋਂ ਪਾਈ ਕਰਕੇ ਸੇਫ਼ ਦੀਆਂ ਚਾਬੀਆਂ ਖੋਹਣ ਦੀ ਕੋਸ਼ਿਸ਼ ਕੀਤੀ। ਬਦਮਾਸ਼ਾਂ ਦੀ ਕੁੱਟ ਮਾਰ ਨਾਲ ਦੁਕਾਨਦਾਰ ਗੰਭੀਰ ਜ਼ਖ਼ਮੀ ਹੋ ਗਿਆ। ਉਸਨੂੰ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਹ ਸਾਰੀ ਘਟਨਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ। ਇਸ ਮਗਰੋਂ ਬਦਮਾਸ਼ ਹਥਿਆਰ ਲਹਿਰਾਉਂਦੇ ਹੋਏ ਫਰਾਰ ਹੋ ਗਏ।